ਟਰੱਕ ਡਰਾਈਵਰਾਂ ਵੱਲੋਂ ਨਵੇਂ ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਹੜਤਾਲ ਕਾਰਨ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਪੈਟਰੋਲ ਪੰਪਾਂ ’ਤੇ ਭਾਰੀ ਭੀੜ ਨਜ਼ਰ ਆ ਰਹੀ ਹੈ। ਦਰਅਸਲ ਲੋਕਾਂ ਵਿਚ ਇਹ ਗੱਲ ਫੈਲ ਗਈ ਹੈ ਕਿ ਹੜਤਾਲ ਕਾਰਨ ਪੈਟਰੋਲ ਪੰਪਾਂ ’ਤੇ ਤੇਲ ਮੁੱਕ ਰਿਹਾ ਹੈ। ਇਸ ਲਈ ਲੋਕ ਵਾਹਨਾਂ ’ਤੇ ਤੇਲ ਪੁਆਉਣ ਲਈ ਲੰਮੀਆਂ ਕਤਾਰਾਂ ’ਚ ਲੱਗੇ। ਪੰਜਾਬ ’ਚ ਬੱਸ ਸੇਵਾ ’ਤੇ ਵੀ ਅਸਰ ਪੈ ਗਿਆ ਹੈ। ਹਿਮਾਚਲ ਦੇ ਕਾਂਗੜਾ ਵਿਚ ਬੱਸ ਸੇਵਾਵਾਂ, ਵਸਤਾਂ ਦੀ ਸਪਲਾਈ ਅਤੇ ਸਕੂਲ ਬੱਸ ਸੇਵਾ ਪ੍ਰਭਾਵਿਤ ਹੋਈ। ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਗੁਰਦਾਸਪੁਰ, ਬਠਿੰਡਾ ਅਤੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿਚ ਵੀ ਪੈਟਰੋਲ ਪੰਪਾਂ ’ਤੇ ਲੰਮੀਆਂ ਕਤਾਰਾਂ ਲੱਗਣ ਦੀਆਂ ਰਿਪੋਰਟਾਂ ਹਨ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪੰਪ ਮਾਲਕਾਂ ਨੇ ਤੇਲ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਬਕਾਇਦਾ ਪੰਪਾਂ ਦੇ ਬਾਹਰ ‘ਨੋ ਆਇਲ’ ਹੋਣ ਦੇ ਬੋਰਡ ਵੀ ਲਗਾ ਦਿੱਤੇ ਗਏ ਹਨ। ਪੰਜਾਬ ਵਿਚ ਜ਼ਿਆਦਾਤਰ ਥਾਵਾਂ ’ਤੇ ਕੁੱਝ ਹੀ ਘੰਟਿਆਂ ਵਿਚ ਪੈਟਰੋਲ ਪੰਪਾਂ ’ਚ ਤੇਲ ਖ਼ਤਮ ਹੋ ਗਿਆ ਹੈ। ਆਲਮ ਇਹ ਹੈ ਕਿ ਤੇਲ ਪਵਾਉਣ ਦੀ ਹੋੜ ਵਿਚ ਲੋਕ ਇਕ ਦੂਜੇ ਨਾਲ ਹੱਥੋ ਪਾਈ ਵੀ ਹੋ ਰਹੇ ਹਨ।
ਬਠਿੰਡਾ ਵਿਚ ਟਰੱਕ ਡਰਾਈਵਰਾਂ ਦੀ ਹੜਤਾਲ ਦਾ ਵੱਡਾ ਅਸਰ ਪਿਆ ਹੈ। 40% ਪੰਪਾਂ ’ਤੇ ਤੇਲ ਉਪਲੱਬਧ ਨਹੀਂ ਹੈ। ਚੰਡੀਗੜ੍ਹ ਵਿਚ ਵੀ ਪੈਟਰੋਲ ਪੰਪਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਪੈਟਰੋਲ ਪੰਪਾਂ ’ਤੇ ਡੀਜ਼ਲ ਅਤੇ ਪੈਟਰੋਲ ਬਹੁਤ ਘੱਟ ਬਚਿਆ ਹੈ। ਇਸ ਤੋਂ ਇਲਾਵਾ ਜਲੰਧਰ ਵਿਚ ਵੀ 90 ਫੀਸਦੀ ਪੈਟਰੋਲ ਪੰਪਾਂ ਵਾਲਿਆਂ ਨੇ ਹੱਥ ਖੜ੍ਹੇ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਕੋਲ ਤੇਲ ਹੀ ਨਹੀਂ ਬਚਿਆ ਤਾਂ ਉਹ ਲੋਕਾਂ ਦੀ ਟੈਂਕੀਆਂ ਕਿਵੇਂ ਭਰਨ। ਸੰਗਰੂਰ ਵਿਚ ਪੈਟਰੋਲ ਪੰਪ ਅੱਗੇ ਤੇਲ ਭਰਵਾਉਣ ਲਈ ਇਕ ਕਿਲੋਮੀਟਰ ਤੱਕ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ। ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ।