ਕੈਨੇਡਾ ਦੇ ਸਭ ਤੋਂ ਅਮੀਰ ਸੀਈਓਜ਼ ਲਈ ਕਮਾਈ ਪੱਖੋਂ ਇੱਕ ਹੋਰ ਰਿਕਾਰਡ ਤੋੜ ਸਾਲ ਬੀਤਿਆ। ਕੈਨੇਡੀਅਨ ਸੈਂਟਰ ਫ਼ੌਰ ਪੌਲਿਸੀ ਆਲਟਰਨੇਟਿਵਜ਼ (CCPA) ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਇੱਕ ਦਿਨ ਵਿਚ, ਅਤੇ ਨਵੇਂ ਸਾਲ ਦੇ ਪਹਿਲੇ ਅੱਧੇ ਘੰਟੇ ਕੈਨੇਡਾ ਦੇ ਸਿਖਰਲੇ 100 ਸਭ ਤੋਂ ਵੱਧ ਤਨਖ਼ਾਹ ਲੈਣ ਵਾਲੇ ਸੀਈਓਜ਼ ਇੱਕ ਔਸਤ ਵਰਕਰ ਦੀ ਸਾਲਾਨਾ ਆਮਦਨ ਜਿੰਨੀ ਕਮਾਈ ਕਰ ਚੁੱਕੇ ਹੋਣਗੇ।
ਸਮਾਜਿਕ, ਆਰਥਿਕਤਾ ਅਤੇ ਵਾਤਾਵਰਣ ਸਬੰਧੀ ਮੁੱਦਿਆਂ ’ਤੇ ਫ਼ੋਕਸ ਕਰਨ ਵਾਲੇ ਔਟਵਾ ਅਧਾਰਤ ਥਿੰਕ-ਟੈਂਕ CCPA ਨੇ ਪਾਇਆ ਕਿ ਕੈਨੇਡਾ ਦੇ ਸਭ ਤੋਂ ਅਮੀਰ ਸੀਈਓਜ਼ ਆਮ ਵਰਕਰ ਨਾਲੋਂ 246 ਗੁਣਾ ਵੱਧ ਕਮਾਈ ਕਰਦੇ ਹਨ। ਨਵੇਂ ਅੰਕੜਿਆਂ ਨੇ ਪਿਛਲੇ ਸਾਲ ਦੇ 243 ਗੁਣਾ ਵੱਧ ਕਮਾਈ ਦਾ ਰਿਕਾਰਡ ਤੋੜਿਆ ਹੈ।
CCPA ਦੇ ਸੀਨੀਅਰ ਅਰਥਸ਼ਾਸਤਰੀ, ਡੇਵਿਡ ਮੈਕਡੌਨਲਡ ਨੇ ਕਿਹਾ, 100 ਸੀਈਓਜ਼ ਜਿਨ੍ਹਾਂ ਵਿਚੋਂ ਜ਼ਿਆਦਾਤਰ ਪੁਰਸ਼ ਹਨ ਨੂੰ 2022 ਵਿਚ ਔਸਤਨ 14.9 ਮਿਲੀਅਨ ਤਨਖ਼ਾਹ ਮਿਲੀ। ਇਹ ਗਿਣਤੀ 2021 ਦੀ 14.3 ਮਿਲੀਅਨ ਡਾਲਰ ਸਾਲਾਨਾ ਤਨਖ਼ਾਹ ਤੋਂ ਵੱਧ ਹੈ ਅਤੇ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ।
ਕੈਨੇਡਾ ਦੀ ਸਭ ਤੋਂ ਵੱਡੀ ਪ੍ਰਾਈਵੇਟ ਸੈਕਟਰ ਯੂਨੀਅਨ ਯੂਨੀਫ਼ੌਰ ਦੀ ਨੈਸ਼ਨਲ ਪ੍ਰੈਜ਼ੀਡੈਂਟ, ਲੈਨਾ ਪੇਅਨ ਨੇ ਇਸ ਨੂੰ ਗੁੱਸਾ ਚੜਾਉਣ ਵਾਲੀ ਰਿਪੋਰਟ ਆਖਿਆ ਹੈ। ਉਹਨਾਂ ਕਿਹਾ, “ਅਸੀਂ ਪਿਛਲੇ ਸਾਲਾਂ ਵਿੱਚ ਸੀਈਓਜ਼ ਦੀ ਤਨਖ਼ਾਹ ਵਿੱਚ ਲਗਾਤਾਰ ਵਾਧਾ ਦੇਖਿਆ ਹੈ ਅਤੇ ਹੁਣ ਇਹ ਹੁਣ ਤੱਕ ਦੇ ਸਭ ਤੋਂ ਉਤਲੇ ਪੱਧਰ ‘ਤੇ ਪਹੁੰਚ ਗਿਆ ਹੈ … ਅਤੇ ਨਾਲ ਹੀ ਇਹ ਸੀਈਓਜ਼ ਅਤੇ ਰੁਜ਼ਗਾਰਦਾਤਾ ਇੱਕਠੇ ਹੋਕੇ ਹਰ ਰੋਜ਼ ਇਹ ਯਕੀਨੀ ਬਣਾਉਣ ਦੇ ਯਤਨ ਕਰਦੇ ਹਨ ਕਿ ਸਾਡੇ ਮੁਲਕ ਵਿੱਚ ਬਿਹਤਰ ਕਿਰਤ ਕਾਨੂੰਨ ਨਾ ਹੋਣ।”
ਹਾਲਾਂਕਿ, ਸਾਰੇ ਸੀਈਓਜ਼ ਨੂੰ ਇੰਨੀ ਵੱਡੀ ਤਨਖ਼ਾਹ ਨਹੀਂ ਮਿਲਦੀ। ਟੋਰੌਂਟੋ-ਅਧਾਰਤ ਟੈਕਨਾਲੋਜੀ ਕੰਪਨੀ, ਕਨੈਕਟੇਡ ਲੈਬਜ਼ ਦੇ ਸੀਈਓ, ਹੋਸਨੀ ਜ਼ੌਅਲੀ ਦਾ ਇੱਕ ਖਾਸ ਫਾਰਮੂਲਾ ਹੈ ਜਿਸਦਾ ਉਸਨੇ ਕਿਹਾ ਕਿ ਉਹ ਆਪਣੀ ਤਨਖ਼ਾਹ ਅਤੇ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਬਰਾਬਰ ਪੈਮਾਨੇ ‘ਤੇ ਹੋਣ ਨੂੰ ਯਕੀਨੀ ਬਣਾਉਣ ਲਈ ਪਾਲਣਾ ਕਰਦਾ ਹੈ। ਉਸਨੇ ਕਿਹਾ ਕਿ ਉਸਦੀ ਕੰਪਨੀ ਵਿੱਚ ਸਭ ਤੋਂ ਵੱਧ ਤਨਖ਼ਾਹ ਕਦੇ ਵੀ ਸਭ ਤੋਂ ਘੱਟ ਤਨਖ਼ਾਹ ਨਾਲੋਂ 10 ਗੁਣਾ ਵੱਧ ਨਹੀਂ ਹੁੰਦੀ।
ਇਸਦਾ ਮਤਲਬ ਹੈ ਕਿ ਜੇਕਰ ਕੰਪਨੀ ਸਫਲਤਾ, ਸੰਚਾਲਨ ਸਫਲਤਾ ਅਤੇ ਵਿੱਤੀ ਸਫਲਤਾ ਦਿਖਾਉਂਦੀ ਹੈ, ਤਾਂ ਇਹ ਨਾ ਸਿਰਫ ਸੀਈਓ ਕਰਕੇ ਹੈ ਸਗੋਂ ਇਹ ਕੰਪਨੀ ਵਿੱਚ ਸਭ ਤੋਂ ਘੱਟ ਤਨਖ਼ਾਹ ਸਮੇਤ ਹਰ ਕਿਸੇ ਕਰਕੇ ਹੈ। ਉਸਨੇ ਕਿਹਾ ਕਿ ਇਸ ਲਈ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਹਰੇਕ ਨੂੰ ਉਸ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ।
ਇਹ ਬਹੁਤ ਮਹੱਤਵਪੂਰਨ ਹੈ ਕਿ ਸਭ ਤੋਂ ਘੱਟ ਤਨਖ਼ਾਹ ਅਤੇ ਸਾਡੀ ਕੰਪਨੀ ਵਿੱਚ ਸਭ ਤੋਂ ਵੱਧ ਤਨਖ਼ਾਹ ਦਰਮਿਆਨ ਬਹੁਤ ਜ਼ਿਆਦਾ ਪਾੜਾ ਨਾ ਹੋਵੇ ਤਾਂ ਜੋ ਹਰ ਕਿਸੇ ਨੂੰ ਊਰਜਾਵਾਨ ਅਤੇ ਹਰ ਕਿਸੇ ਨੂੰ ਪ੍ਰੇਰਿਤ ਰੱਖਿਆ ਜਾ ਸਕੇ।
ਯੂਨੀਵਰਸਿਟੀ ਔਫ਼ ਵਰਜੀਨੀਆ ਵਿਚ ਅਰਥਸ਼ਾਸਤਰ ਦੇ ਪ੍ਰੋਫ਼ੈਸਰ, ਵਿਨਸੈਂਟ ਜਿਲੋਸੋ ਦਾ ਕਹਿਣਾ ਹੈ ਕਿ ਇਸ ਕਿਸਮ ਦੀਆਂ ਰਿਪੋਰਟਾਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਮੁਆਵਜ਼ਿਆਂ ਅਤੇ ਹੋਰ ਲਾਭਾਂ (ਬੈਨਿਫ਼ਿਟਸ) ਨੂੰ ਸ਼ਾਮਲ ਨਹੀਂ ਕਰਦੀਆਂ ਅਤੇ ਜੇ ਇਹਨਾਂ ਵਿਚ ਇਹ ਨੁਕਤੇ ਸ਼ਾਮਲ ਕੀਤੇ ਜਾਣ ਤਾਂ ਬਿਲਕੁਲ ਵੱਖਰੀ ਤਸਵੀਰ ਸਾਹਮਣੇ ਆਵੇਗੀ।
ਯੂਨੀਅਨ ਲੀਡਰ, ਲੈਨਾ ਪੇਅਨ ਸੋਚਦੀ ਹੈ ਕਿ ਸਰਕਾਰਾਂ ਵਧ ਰਹੀ ਅਸਮਾਨਤਾ ਨੂੰ ਘਟਾਉਣ ਵਿੱਚ ਮਦਦ ਕਰ ਸਕਦੀਆਂ ਹਨ। ਉਹ ਕਾਮਿਆਂ ਲਈ ਸਮੂਹਿਕ ਸੌਦੇਬਾਜ਼ੀ ਦੇ ਅਧਿਕਾਰਾਂ ਤੱਕ ਪਹੁੰਚ ਵਿੱਚ ਸੁਧਾਰ ਅਤੇ ਵਿਸਤਾਰ, ਘੱਟੋ-ਘੱਟ ਉਜਰਤ ਵਧਾਉਣ ਅਤੇ ਲੋਕਾਂ ਨੂੰ ਕੰਮ ਦੇ ਘੰਟਿਆਂ ਦੀ ਗਾਰੰਟੀ ਦੇਣ ਵਰਗੇ ਉਪਾਵਾਂ ਦਾ ਸਮਰਥਨ ਕਰਦੀ ਹੈ।
CCPA ਦੀ ਰਿਪੋਰਟ ਤਨਖ਼ਾਹ ਦੇ ਅੰਤਰ ਨੂੰ ਘਟਾਉਣ ਲਈ ਕਈ ਸੁਝਾਅ ਵੀ ਦਿੰਦੀ ਹੈ। ਸੁਝਾਵਾਂ ਵਿਚ: ਸਿਖਰਲੇ ਸੀਮਾਂਤ ਟੈਕਸ ਬਰੈਕਟਾਂ ਨੂੰ ਵਧਾਉਣਾ, $1 ਮਿਲੀਅਨ ਤੋਂ ਵੱਧ ਦੇ ਮੁਆਵਜ਼ੇ ਲਈ ਕਾਰਪੋਰੇਟ ਟੈਕਸ ਕਟੌਤੀਯੋਗਤਾ ਨੂੰ ਹਟਾਉਣਾ, ਅਮੀਰਾਂ ‘ਤੇ ਵੈਲਥ ਟੈਕਸ ਦੀ ਸ਼ੁਰੂਆਤ ਕਰਨਾ ਅਤੇ ਪੂੰਜੀ ਲਾਭ ਸ਼ਮੂਲੀਅਤ ਦੀ ਦਰ ਨੂੰ ਵਧਾਉਣਾ ਵਰਗੇ ਉਪਾਅ ਸ਼ਾਮਲ ਹਨ।
(ਸੀਬੀਸੀ ਨਿਊਜ਼)