GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ: ਮਕਾਨ ਮਾਲਕਾਂ ਲਈ ਪ੍ਰਾਪਰਟੀ ਟੈਕਸ ਦੇ ਵਾਧੇ ਦੀ ਸੰਭਾਵਨਾਂ ਬਣੀ ਸਿਰਦਰਦੀ

ਟੋਰਾਂਟੋ: ਮਕਾਨ ਮਾਲਕਾਂ ਲਈ ਪ੍ਰਾਪਰਟੀ ਟੈਕਸ ਦੇ ਵਾਧੇ ਦੀ ਸੰਭਾਵਨਾਂ ਬਣੀ ਸਿਰਦਰਦੀ
Share this post via:

ਟੋਰਾਂਟੋ ਵਿਚ ਮਕਾਨ ਮਾਲਕਾਂ ਨੂੰ ਜਲਦੀ ਹੀ ਜਾਇਦਾਦ ਟੈਕਸ ਦੇ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਟੋਰਾਂਟੋ ਲਗਭਗ 1.8 ਬਿਲੀਅਨ ਡਾਲਰ ਓਪਰੇਟਿੰਗ ਬਜਟ ਦੀ ਘਾਟ ਨਾਲ ਜੂਝ ਰਿਹਾ ਹੈ। ਬੁੱਧਵਾਰ ਨੂੰ ਸ਼ਹਿਰ ਦੇ ਸਟਾਫ ਨੇ ਮੇਅਰ ਓਲੀਵੀਆ ਚੋਅ ਦੇ ਕਾਰਜਕਾਲ ਦਾ ਪਹਿਲਾ ਪ੍ਰਸਤਾਵਿਤ ਬਜਟ ਜਾਰੀ ਕੀਤਾ, ਜਿਸ ਵਿਚ 10.5 ਫ਼ੀਸਦੀ ਪ੍ਰਾਪਰਟੀ ਟੈਕਸ ਵਾਧਾ ਸ਼ਾਮਲ ਹੈ, ਜੋ ਕਿ ਸ਼ਹਿਰ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਦੇਖੇ ਗਏ ਸਭ ਤੋਂ ਵੱਡੇ ਟੈਕਸ ਵਾਧੇ ਵਿੱਚੋਂ ਇੱਕ ਹੈ। 2024 ਦੇ ਪ੍ਰਸਤਾਵਿਤ ਬਜਟ ਵਿੱਚ ਪ੍ਰਾਪਰਟੀ ਟੈਕਸ ਵਿੱਚ 9 ਫ਼ੀਸਦੀ ਦੇ ਵਾਧੇ ਦੇ ਨਾਲ-ਨਾਲ ਹੀ ਸਿਟੀ ਬਿਲਡਿੰਗ ਫੰਡ ਵਿੱਚ 1.5 ਫ਼ੀਸਦੀ ਦਾ ਵਾਧਾ ਸ਼ਾਮਲ ਹੈ। ਇਸਦਾ ਮਤਲਬ ਟੋਰਾਂਟੋ ਵਿੱਚ ਔਸਤ ਪਰਿਵਾਰ ਲਈ ਪ੍ਰਤੀ ਸਾਲ ਲਗਭਗ 360 ਡਾਲਰ ਦਾ ਵਾਧਾ ਹੋ ਸਕਦਾ ਹੈ।

ਮੇਅਰ ਚੋਅ ਨੇ ਇਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸਾਡੀਆਂ ਸੜਕਾਂ ਟੁੱਟ ਰਹੀਆਂ ਹਨ ਅਤੇ ਸਾਡੇ ਜਨਤਕ ਆਵਾਜਾਈ ਨੂੰ ਗੰਭੀਰ ਸੁਧਾਰਾਂ ਦੀ ਲੋੜ ਹੈ। ਹਜ਼ਾਰਾਂ ਲੋਕ ਸ਼ੈਲਟਰਾਂ, ਪਾਰਕਾਂ ਅਤੇ ਸੜਕਾਂ ‘ਤੇ ਸੌਂ ਰਹੇ ਹਨ। ਸ਼ਹਿਰ ਬੁਨਿਆਦੀ ਚੀਜ਼ਾਂ ਪ੍ਰਦਾਨ ਕਰਨ ਵਿੱਚ ਅਸਫਲ ਹੋ ਰਿਹਾ ਹੈ…ਸਾਨੂੰ ਸ਼ਹਿਰ ਨੂੰ ਮੁੜ ਲੀਹ ‘ਤੇ ਲਿਆਉਣਾ ਪਵੇਗਾ ਅਤੇ ਵਿੱਤੀ ਗੜਬੜੀਆਂ ਨੂੰ ਠੀਕ ਕਰਨਾ ਪਵੇਗਾ। ਇਹ ਇਕ ਚੁਣੌਤੀਪੂਰਨ ਵਿੱਤੀ ਸਾਲ ਹੋਣ ਵਾਲਾ ਹੈ।

ਮੇਅਰ ਨੇ ਕਿਹਾ, “ਇਹ ਸਟਾਫ ਬਜਟ ਹੈ। ਤੁਸੀਂ 1 ਫਰਵਰੀ ਨੂੰ ਮੇਰਾ ਬਜਟ ਦੇਖੋਗੇ, ਮੈਨੂੰ ਲੱਗਦਾ ਹੈ ਕਿ ਟੋਰਾਂਟੋ ਦੇ ਲੋਕਾਂ ਨੂੰ ਸੁਣਨਾ ਮਹੱਤਵਪੂਰਨ ਹੈ ਅਤੇ ਮੈਂ ਉਹਨਾਂ ਦੇ ਭਾਗ ਲੈਣ ਦੀ ਉਮੀਦ ਕਰਦੀ ਹਾਂ।” ਨਵੇਂ ਨਿਯਮਾਂ ਅਨੁਸਾਰ ਕੌਂਸਲ ਦੇ ਮੁਖੀ ਕੋਲ ਆਪਣਾ ਬਜਟ ਪ੍ਰਸਤਾਵਿਤ ਕਰਨ ਲਈ 1 ਫਰਵਰੀ ਤੱਕ ਦਾ ਸਮਾਂ ਹੈ, ਜਿਸ ਨੂੰ ਬਾਅਦ ਵਿਚ ਕੌਂਸਲ ਨਾਲ ਸਾਂਝਾ ਕੀਤਾ ਜਾਵੇਗਾ। ਕਾਨੂੰਨ ਕੌਂਸਲ ਨੂੰ ਤਬਦੀਲੀਆਂ ਦਾ ਸੁਝਾਅ ਦੇਣ ਦੀ ਇਜਾਜ਼ਤ ਦਿੰਦਾ ਹੈ, ਜਿਸ ਨੂੰ ਮੇਅਰ ਵੀਟੋ ਕਰ ਸਕਦਾ ਹੈ।