ਫ਼ੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਡੌਨਲਡ ਟਰੰਪ ਦਾ ਰਾਸ਼ਟਰਪਤੀ ਬਣਨਾ ਇੱਕ ‘ਤਬਾਹੀ’ ਹੋਵੇਗੀ ਅਤੇ ਇਹ ਕੈਨੇਡਾ ਲਈ ਮੁਸੀਬਤ ਬਣੇਗਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਜਗਮੀਤ ਸਿੰਘ ਨੇ ਕਿਹਾ, ਇਹ ਇੱਕ ਨਿਰੀ ਤਬਾਹੀ ਹੈ। ਡੌਨਲਡ ਟਰੰਪ ਇੱਕ ਹਉਮੈਵਾਦੀ ਹੈ ਜਿਸ ‘ਤੇ ਕਈ ਅਪਰਾਧਾਂ ਦਾ ਦੋਸ਼ ਹੈ ਅਤੇ ਉਸ ਨੂੰ ਅਣਉਚਿਤ ਗਤੀਵਿਧੀ ਲਈ ਦੋਸ਼ੀ ਠਹਿਰਾਇਆ ਗਿਆ ਹੈ।
ਉਸਦਾ ਟੀਚਾ ਬਦਲਾ ਲੈਣਾ ਹੈ। ਉਹ ਰਾਸ਼ਟਰਪਤੀ ਬਣਨ ਲਈ ਖੁੱਲ੍ਹੇਆਮ ਇੱਕ ਹਉਮੈਵਾਦੀ, ਬਦਲੇ ਦੀ ਭਾਵਨਾ ਨਾਲ ਭਰੇ ਇਰਾਦੇ ‘ਤੇ ਚੱਲ ਰਿਹਾ ਹੈ। ਅਤੇ ਇਹ ਦੇਖਣਾ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਹੈ। ਜਗਮੀਤ ਨੇ ਕਿਹਾ ਕਿ ਟਰੰਪ ਦੀ ਸੱਤਾ ਵਿੱਚ ਵਾਪਸੀ ਦਾ ਮਤਲਬ ਕੈਨੇਡੀਅਨਜ਼ ਲਈ ਬਹੁਤ ਮੁਸੀਬਤ, ਬਹੁਤ ਚਿੰਤਾ ਅਤੇ ਡਰ ਹੋਵੇਗਾ।
ਜਗਮੀਤ ਨੇ ਇਹ ਟਿੱਪਣੀਆਂ ਮੰਗਲਵਾਰ ਨੂੰ ਐਡਮੰਟਨ ਵਿੱਚ ਐਨਡੀਪੀ ਕੌਕਸ ਰਿਟ੍ਰੀਟ ਦੌਰਾਨ ਕੀਤੀਆਂ। ਅਮਰੀਕਾ ਵਿਚ ਨਵੰਬਰ ਮਹੀਨੇ ਰਾਸ਼ਟਰਪਤੀ ਚੋਣਾਂ ਹਨ ਜਿੱਥੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡਨ ਡੌਨਲਡ ਟਰੰਪ ਦਾ ਮੁਕਾਬਲਾ ਕਰਨਗੇ। ਰਿਪਬਲੀਕਨ ਪਾਰਟੀ ਦੀ ਉਮੀਦਵਾਰੀ ਲਈ ਟਰੰਪ ਪਸੰਦੀਦਾ ਉਮੀਵਾਰ ਵੱਜੋਂ ਉੱਭਰ ਰਿਹਾ ਹੈ। ਮੰਗਲਵਾਰ ਰਾਤ ਨੂੰ ਟਰੰਪ ਨੇ ਨਿਊ ਹੈਮਸਫਾਇਰ ਦੀ ਸਟੇਟ ਪ੍ਰਾਈਮਰੀ ਵੀ ਜਿੱਤ ਲਈ ਹੈ।
ਜਗਮੀਤ ਸਿੰਘ ਨੇ ਕਿਹਾ ਕਿ ਡੌਨਲਡ ਟਰੰਪ ਸਪੱਸ਼ਟ ਤੌਰ ‘ਤੇ, ਆਪਣੀ ਹੀ ਦੁਨੀਆ ਵਿਚ ਹੈ। ਉਸ ਨੇ ਜੋ ਕੁਝ ਕੀਤਾ ਹੈ, ਜੋ ਕੁਝ ਉਹ ਕਹਿੰਦਾ ਹੈ, ਉਹ ਜਿਸ ਤਰ੍ਹਾਂ ਦਾ ਵਿਅਕਤੀ ਹੈ, ਉਹ ਲੋਕਤੰਤਰ ਲਈ ਜਿੰਨਾ ਮਾੜਾ ਹੈ, ਉਹ ਇਸ ਗ੍ਰਹਿ ਲਈ ਜਿੰਨਾ ਬੁਰਾ ਹੈ, ਉਸਦੀ ਕੋਈ ਤੁਲਨਾ ਨਹੀਂ ਹੈ।