ਬ੍ਰਿਟੇਨ ਦੇ ਬਕਿੰਘਮ ਪੈਲੇਸ ਨੇ ਜਾਣਕਾਰੀ ਦਿੱਤੀ ਹੈ ਕਿ ਕਿੰਗ ਚਾਰਲਸ ਨੂੰ ਕੈਂਸਰ ਹੈ। ਇਹ ਕੈਂਸਰ ਕਿਸ ਤਰ੍ਹਾਂ ਦਾ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਇਹ ਪ੍ਰੋਸਟੇਟ ਕੈਂਸਰ ਨਹੀਂ ਹੈ। ਕਿੰਗ ਚਾਰਲਸ ਪ੍ਰੋਸਟੇਟ ਵਧਣ ਦਾ ਹਾਲ ਹੀ ਵਿੱਚ ਇਲਾਜ ਕਰਵਾ ਰਹੇ ਸਨ, ਤਾਂ ਇਸ ਬਾਰੇ ਪਤਾ ਲੱਗਿਆ। ਬਕਿੰਘਮ ਪੈਲੇਸ ਨੇ ਦੱਸਿਆ ਹੈ ਕਿ ਕਿੰਗ ਚਾਰਲਸ ਨੇ ਸੋਮਵਾਰ ਤੋਂ ਨਿਯਮਤ ਇਲਾਜ ਸ਼ੁਰੂ ਕਰ ਦਿੱਤਾ ਹੈ ਅਤੇ ਇਲਾਜ ਦੌਰਾਨ ਉਹ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਤੋਂ ਦੂਰ ਰਹਿਣਗੇ।
ਕਿੰਗ ਚਾਰਲਸ ਦੀ ਉਮਰ 75 ਸਾਲ ਹੈ। ਬਕਿੰਘਮ ਪੈਲੇਸ ਦੇ ਇਕ ਬਿਆਨ ਮੁਤਾਬਕ, “ਕਿੰਗ ਚਾਰਲਸ ਇਲਾਜ ਨੂੰ ਲੈ ਕੇ ਪੂਰੀ ਤਰ੍ਹਾਂ ਸਕਾਰਾਤਮਕ ਹਨ ਅਤੇ ਜਲਦੀ ਤੋਂ ਜਲਦੀ ਆਪਣੀਆਂ ਜਨਤਕ ਜ਼ਿੰਮੇਵਾਰੀਆਂ ‘ਤੇ ਵਾਪਸ ਆ ਜਾਣਗੇ।” ਕਿੰਗ ਚਾਰਲਸ ਨੇ ਖ਼ੁਦ ਆਪਣੇ ਦੋ ਪੁੱਤਰਾਂ ਪ੍ਰਿੰਸ ਹੈਰੀ ਅਤੇ ਪ੍ਰਿੰਸ ਆਫ਼ ਵੇਲਸ ਵਿਲੀਅਮ ਨੂੰ ਇਸ ਬਿਮਾਰੀ ਬਾਰੇ ਦੱਸਿਆ ਹੈ।
ਦੱਸਿਆ ਗਿਆ ਹੈ ਕਿ ਪ੍ਰਿੰਸ ਆਫ ਵੇਲਜ਼ ਵਿਲੀਅਮ ਆਪਣੇ ਪਿਤਾ ਨਾਲ ਲਗਾਤਾਰ ਸੰਪਰਕ ਵਿੱਚ ਹਨ। ਬ੍ਰਿਟੇਨ ਦੇ ਸਿਆਸੀ ਲੀਡਰਾਂ ਨੇ ਰਾਜਾ ਨੂੰ ਆਪਣੀ ਸ਼ੁੱਭ ਇੱਛਾਵਾਂ ਭੇਜੀਆਂ। ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਟਵੀਟ ਕਰਕੇ ਕਿੰਗ ਚਾਰਲਜ਼ ਦੇ ਤੇਜ਼ੀ ਨਾਲ ਸਿਹਤਯਾਬ ਹੋਣ ਦੀ ਕਾਮਨਾ ਕੀਤੀ।