ਹਾਈਵੇਅ 401 ’ਤੇ ਵੀਰਵਾਰ ਰਾਤ ਨੂੰ ਵਾਪਰੇ ਭਿਆਨਕ ਸੜਕ ਹਾਦਸੇ ’ਚ 7 ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਨਾਲ 3 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਨੀਲਸਨ ਰੋਡ ਦੇ ਨੇੜੇ ਵਾਪਰਿਆ ਹਾਦਸਾ
ਹਾਦਸਾ ਹਾਈਵੇਅ 401 ਦੀ ਪੱਛਮ ਵਾਲੀਆਂ ਲੇਨਾਂ ’ਤੇ ਨੀਲਸਨ ਰੋਡ ਦੇ ਨੇੜੇ ਵਾਪਰਿਆ। ਹਾਦਸੇ ਕਾਰਨ ਸੜਕ ’ਤੇ ਕਾਫ਼ੀ ਦੇਰ ਤੱਕ ਜਾਮ ਲੱਗਾ ਰਿਹਾ। ਹਾਲਾਂਕਿ ਸ਼ੁੱਕਰਵਾਰ ਸਵੇਰੇ 7:30 ਵਜੇ ਦੇ ਕਰੀਬ ਸਾਰੀਆਂ ਲੇਨਾਂ ਨੂੰ ਖੋਲ੍ਹ ਦਿੱਤਾ ਗਿਆ।
ਪੁਲਿਸ ਜਾਂਚ ਅਨੁਸਾਰ ਕੀ ਹੋਇਆ?
Ontario Provincial Police ਦੇ ਅਨੁਸਾਰ ਇੱਕ ਟਰੱਕ ਨੇ ਅੱਗੇ ਜਾ ਰਹੇ ਦੂਜੇ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਤੋਂ ਬਾਅਦ ਦੂਜੇ ਟਰੱਕ ਨੇ ਅੱਗੇ ਜਾ ਰਹੀ ਵੈਨ ਨੂੰ ਟੱਕਰ ਮਾਰ ਦਿੱਤੀ। ਵੈਨ ’ਚ ਅੱਗ ਲੱਗ ਗਈ।
ਪਹਿਲਾ ਟਰੱਕ ਡਰਾਈਵਰ ਰਿਹਾ ਫਸਿਆ
ਪੁਲਿਸ ਨੇ ਦੱਸਿਆ ਕਿ ਟੱਕਰ ਮਾਰਨ ਵਾਲਾ ਡਰਾਈਵਰ ਕਾਫ਼ੀ ਦੇਰ ਤੱਕ ਟਰੱਕ ’ਚ ਫਸਿਆ ਰਿਹਾ। ਫਾਇਰਫ਼ਾਈਟਰਾਂ ਨੇ ਉਸ ਨੂੰ ਬਾਹਰ ਕੱਢਿਆ।
ਤਿੰਨੇ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ
ਇਸ ਹਾਦਸੇ ’ਚ ਸ਼ਾਮਲ 3 ਲੋਕਾਂ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਨੁਸਾਰ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਜਾਂਚ ਜਾਰੀ, ਕੋਈ ਦੋਸ਼ ਨਹੀਂ ਲੱਗਾ
ਹਾਦਸੇ ਦੇ ਸਬੰਧ ’ਚ ਪੁਲਿਸ ਵੱਲੋਂ ਜਾਂਚ ਜਾਰੀ ਹੈ। ਹਾਲਾਂਕਿ ਅਜੇ ਤੱਕ ਕਿਸੇ ’ਤੇ ਕੋਈ ਦੋਸ਼ ਨਹੀਂ ਲਾਇਆ ਗਿਆ ਹੈ।