ਕੈਨੇਡਾ ਦੀ ਫੈਡਰਲ ਸਰਕਾਰ ਪਨਾਹ ਮੰਗਣ ਵਾਲਿਆਂ ਲਈ ਹੋਟਲ ਖਰੀਦਣ ਦੀ ਯੋਜਨਾ ’ਤੇ ਕਰ ਰਹੀ ਵਿਚਾਰ
ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਹੋ ਰਹੀ ਵਾਧੇ ਕਾਰਨ ਇਮੀਗ੍ਰੇਸ਼ਨ ਮੰਤਰਾਲੇ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਇਸ ਸਮੱਸਿਆ ਨੂੰ ਹੱਲ ਕਰਨ ਅਤੇ ਹੋਟਲਾਂ ਦੇ ਕਿਰਾਏ ਦਾ ਖਰਚਾ ਘਟਾਉਣ ਲਈ ਫੈਡਰਲ ਸਰਕਾਰ ਆਪਣੇ ਹੋਟਲ ਖਰੀਦਣ ’ਤੇ ਵਿਚਾਰ ਕਰ ਰਹੀ ਹੈ। ਇਸ ਵਰ੍ਹੇ ਕੈਨੇਡਾ ਸਰਕਾਰ ਨੇ 4,000 ਹੋਟਲ ਕਮਰੇ ਕਿਰਾਏ ’ਤੇ ਲਏ ਹਨ ਜਿੱਥੇ 7,300 ਸ਼ਰਨਾਰਥੀਆਂ ਨੂੰ ਠਹਿਰਾਇਆ ਗਿਆ ਹੈ।
‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਅਨੁਸਾਰ, ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਲੰਮੇ ਸਮੇਂ ਲਈ ਲੀਜ਼ ’ਤੇ ਲਏ ਹੋਟਲਾਂ ਦਾ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਹੈ, ਇਸ ਲਈ ਆਪਣੇ ਹੋਟਲ ਖਰੀਦਣਾ ਵਧੀਆ ਹੱਲ ਹੋ ਸਕਦਾ ਹੈ। ਅਸਾਇਲਮ ਮੰਗਣ ਵਾਲਿਆਂ ਨੂੰ ਪ੍ਰੋਵਿਨਸ਼ੀਅਲ ਸ਼ੈਲਟਰਾਂ ਜਾਂ ਧਾਰਮਿਕ ਥਾਵਾਂ ਤੋਂ ਹੋਟਲਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।
ਇਕ ਇੰਟਰਵਿਊ ਦੌਰਾਨ, ਮਾਰਕ ਮਿਲਰ ਨੇ ਇਹ ਵੀ ਕਿਹਾ ਕਿ ਸ਼ਰਨਾਰਥੀਆਂ ਦੀ ਨਿਗਰਾਨੀ ਲਈ ਫੈਡਰਲ ਅਤੇ ਪ੍ਰੋਵਿਨਸ਼ੀਅਲ ਅਧਿਕਾਰੀਆਂ ਦੀ ਤਾਇਨਾਤੀ ’ਤੇ ਵੀ ਵਿਚਾਰ ਹੋ ਰਿਹਾ ਹੈ। ਉਨ੍ਹਾਂ ਇਹ ਭਵਿੱਖਬਾਣੀ ਕੀਤੀ ਕਿ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਜਲਦ ਹੀ ਘੱਟ ਸਕਦੀ ਹੈ। ਸਤੰਬਰ 2021 ਤੋਂ ਜਨਵਰੀ 2023 ਦੇ ਦਰਮਿਆਨ, ਫੈਡਰਲ ਸਰਕਾਰ ਨੇ ਸ਼ਰਨਾਰਥੀਆਂ ਦੀ ਰਿਹਾਇਸ਼ ਲਈ 9 ਕਰੋੜ 40 ਲੱਖ ਡਾਲਰ ਖਰਚੇ। ਇਸ ਵਿੱਚੋਂ 10 ਹੋਟਲ ਮੌਂਟਰੀਅਲ ਵਿੱਚ ਸਨ ਜਦਕਿ 112 ਕਮਰਿਆਂ ਵਾਲਾ ਇੱਕ ਹੋਟਲ ਇੰਟਰਨੈਸ਼ਨਲ ਏਅਰਪੋਰਟ ਨੇੜੇ ਸਥਿਤ ਹੈ। ਇਸ ਤੋਂ ਇਲਾਵਾ, ਨਿਆਗਰਾ ਫਾਲਜ਼ ਅਤੇ ਔਟਾਵਾ ਵਿੱਚ ਵੀ ਹੋਟਲ ਕਿਰਾਏ ’ਤੇ ਲਏ ਗਏ ਤਾਂ ਜੋ ਵੱਡੇ ਸ਼ਹਿਰਾਂ ’ਤੇ ਦਬਾਅ ਘਟਾਇਆ ਜਾ ਸਕੇ। ਫਰਵਰੀ 2023 ਤੋਂ ਫਰਵਰੀ 2024 ਦੇ ਦਰਮਿਆਨ, ਨਿਆਗਰਾ ਫਾਲਜ਼ ਵਿੱਚ ਸ਼ਰਨਾਰਥੀਆਂ ਦੀ ਰਿਹਾਇਸ਼ ਲਈ 10 ਕਰੋੜ ਡਾਲਰ ਦੀ ਰਕਮ ਹੋਟਲਾਂ ’ਤੇ ਖਰਚ ਕੀਤੀ ਗਈ। ਹਾਊਸ ਆਫ ਕਾਮਨਜ਼ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ, ਫੈਡਰਲ ਸਰਕਾਰ ਨੇ ਦੱਸਿਆ ਕਿ ਪਿਛਲੇ ਸਾਲ ਵੱਖ-ਵੱਖ ਦੇਸ਼ਾਂ ਤੋਂ ਆਏ ਤਕਰੀਬਨ 5,000 ਸ਼ਰਨਾਰਥੀਆਂ ਦੀ ਰਿਹਾਇਸ਼ ਦਾ ਖਰਚਾ ਬਰਦਾਸ਼ਤ ਕੀਤਾ ਗਿਆ ਅਤੇ ਪਨਾਹ ਮੰਗਣ ਵਾਲੇ ਔਸਤਨ 113 ਦਿਨ ਹੋਟਲ ਵਿੱਚ ਰਹੇ।