ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ਨੀਵਾਰ ਨੂੰ ਪੈਨਸਿਲਵੇਨੀਆ ਵਿੱਚ ਹੋਈ ਇਕ ਰੈਲੀ ਦੌਰਾਨ ਗੋਲੀ ਲੱਗੀ ਹੈ। ਇਸ ਘਟਨਾ ‘ਚ ਟਰੰਪ ਦੇ ਸੱਜੇ ਕੰਨ ਦੇ ਨੇੜੇ ਖੂਨ ਦੇਖਿਆ ਗਿਆ, ਪਰ ਉਨ੍ਹਾਂ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ।
ਇਸ ਹਮਲੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਵੀ ਖਬਰ ਹੈ। ਗੋਲੀਬਾਰੀ ਦੇ ਤੁਰੰਤ ਬਾਅਦ ਟਰੰਪ ਨੂੰ ਸੀਕ੍ਰੇਟ ਸਰਵਿਸ ਏਜੰਟਾਂ ਨੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ।
ਸੀਕ੍ਰੇਟ ਸਰਵਿਸ ਨੇ ਟਵਿੱਟਰ ‘ਤੇ ਟ੍ਰੰਪ ਦੀ ਸੁਰੱਖਿਆ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਸਟੀਵਨ ਚਿਊਂਗ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਨੂੰ ਹਸਪਤਾਲ ਵਿੱਚ ਚੈੱਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ ਵਧੀਆ ਹੈ। ਹੋਰ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ।
ਹਮਲੇ ਦੌਰਾਨ, ਟਰੰਪ ਨੂੰ ਰੈਲੀ ਦੌਰਾਨ ਮਾਈਕ ‘ਤੇ ਇਹ ਕਹਿੰਦੇ ਸੁਣਿਆ ਗਿਆ ਕਿ “ਮੈਨੂੰ ਮੇਰੇ ਜੁੱਤੇ ਲੈਣ ਦਿਓ।” ਇਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਏਜੰਟਾਂ ਦੁਆਰਾ ਸਟੇਜ ਤੋਂ ਹੇਠਾਂ ਲਿਆਂਦਾ ਗਿਆ।
ਟਰੰਪ ਪੈਨਸਿਲਵੇਨੀਆ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੀ ਆਖਰੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੇ ਉਪ ਰਾਸ਼ਟਰਪਤੀ ਉਮੀਦਵਾਰ ਦੇ ਐਲਾਨ ਦੀ ਉਡੀਕ ਕਰ ਰਹੇ ਸਨ। ਹਮਲੇ ਦੇ ਤੁਰੰਤ ਬਾਅਦ, ਹਾਊਸ ਰਿਪਬਲਿਕਨ ਨੇ ਟਰੰਪ ਦੀ ਸੁਰੱਖਿਆ ਲਈ ਅਮਰੀਕੀ ਨਾਗਰਿਕਾਂ ਨੂੰ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ।
ਇਸ ਘਟਨਾ ਬਾਰੇ ਵ੍ਹਾਈਟ ਹਾਊਸ ਨੇ ਵੀ ਜਾਣਕਾਰੀ ਦਿੱਤੀ ਕਿ ਰਾਸ਼ਟਰਪਤੀ ਜੋਅ ਬਿਡੇਨ ਨੂੰ ਇਸ ਬਾਰੇ ਸਾਰੇ ਅਧਿਕਾਰੀਆਂ ਨੇ ਬ੍ਰੀਫ਼ਿੰਗ ਦਿੱਤੀ ਹੈ।