ਇੰਮੀਗ੍ਰੇਸ਼ਨ ਮੰਤਰੀ ਨੇ ਇਹ ਵੀ ਦੱਸਿਆ ਕਿ ਕੈਨੇਡਾ ਸਰਕਾਰ ਨੇ ਕਦੇ ਵੀ ਕਿਸੇ ਨੂੰ ਇਥੇ ਪੱਕਾ ਕਰਨ ਦਾ ਵਾਅਦਾ ਨਹੀਂ ਕੀਤਾ। ‘ਬਲੂਮਬਰਗ’ ਦੀ ਇੱਕ ਰਿਪੋਰਟ ਅਨੁਸਾਰ, ਕੈਨੇਡਾ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਪੜਤਾਲ ਕਰ ਰਹੀ ਹੈ, ਜਿਸ ਦਾ ਮਕਸਦ ਵਧ ਰਹੀ ਆਬਾਦੀ ਅਤੇ ਰੁਜ਼ਗਾਰ ਖੇਤਰ ਵਿਚ ਸੰਤੁਲਨ ਬਣਾਉਣਾ ਹੈ।
ਮਿਲਰ ਨੇ ਕਿਹਾ ਕਿ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਪਣੇ ਦਿਮਾਗ ਤੋਂ ਇਹ ਗੱਲ ਕੱਢ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਕੈਨੇਡਾ ਦੀ ਪੱਕੀ ਰਿਹਾਇਸ਼ ਮਿਲ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਪੀ.ਆਰ. ਦੀ ਆਸ ਵਿਚ ਕੋਈ ਵੀ ਕੋਰਸ ਚੁਣ ਲੈਂਦੇ ਹਨ, ਪਰ ਹੁਣ ਇੰਮੀਗ੍ਰੇਸ਼ਨ ਨੀਤੀਆਂ ਵਿਚ ਬਦਲਾਅ ਲਿਆ ਕੇ ਸਾਰੇ ਰਾਹ ਬੰਦ ਕੀਤੇ ਜਾਣਗੇ।
ਸਰਕਾਰ ਨੇ ਉਮੀਦ ਦਿਖਾਈ ਹੈ ਕਿ ਇਨ੍ਹਾਂ ਨੀਤੀਆਂ ਵਿਚ ਤਬਦੀਲੀਆਂ ਆਉਣਗੀਆਂ, ਪਰ ਇਸ ਲਈ ਸਰਕਾਰ ਅਤੇ ਕਾਰੋਬਾਰੀਆਂ ਵਿਚਾਲੇ ਚਰਚਾ ਹੋਣੀ ਚਾਹੀਦੀ ਹੈ। ਮਾਰਕ ਮਿਲਰ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਵਿਚ ਆਰਜ਼ੀ ਤੌਰ ‘ਤੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਹੁਣ ਕੁਲ ਆਬਾਦੀ ਦਾ 7 ਫੀਸਦੀ ਹੋ ਚੁੱਕੀ ਹੈ, ਜਦਕਿ ਟੀਚਾ 5 ਫੀਸਦੀ ਦਾ ਸੀ।
‘ਬਲੂਮਬਰਗ’ ਨਾਲ ਗੱਲਬਾਤ ਦੌਰਾਨ, ਉਨ੍ਹਾਂ ਨੇ ਕਿਹਾ ਕਿ ਹੁਣ ਕੈਨੇਡਾ ਪਹਿਲਾਂ ਵਾਂਗ ਬਹੁਤ ਸਾਰੇ ਸਟੱਡੀ ਵੀਜ਼ੇ ਜਾਰੀ ਨਹੀਂ ਕਰੇਗਾ। ਮਿਲਰ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਮਰਥਨ ਕਰਦੇ ਹਨ ਜੋ ਆਪਣੀ ਪੜ੍ਹਾਈ ਮੁਤਾਬਕ ਕੋਰਸ ਚੁਣਦੇ ਹਨ ਅਤੇ ਮੁਲਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਯੋਗਦਾਨ ਪਾਉਂਦੇ ਹਨ।