ਐਡਮਿੰਟਨ ਅਤੇ ਕੈਲਗਰੀ ਦੇ ਦੋ ਵੱਖ-ਵੱਖ ਸ਼ੱਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਕਰਕੇ ਗ੍ਰਿਫ਼ਤਾਰ ਕੀਤੇ ਗਏ ਹਨ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਇਹ ਧਮਕੀਆਂ ਦੋ ਵੱਖ-ਵੱਖ ਮੌਕਿਆਂ ‘ਤੇ ਦਿੱਤੀਆਂ ਗਈਆਂ ਸਨ।
67 ਸਾਲਾ ਐਡਮਿੰਟਨ ਵਾਸੀ ਵਿਰੁੱਧ ਕਾਰਵਾਈ
ਐਡਮਿੰਟਨ ਦੇ 67 ਸਾਲਾ ਵਸਨੀਕ ਵਿਰੁੱਧ ਪ੍ਰਧਾਨ ਮੰਤਰੀ ਟਰੂਡੋ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਤਿੰਨ ਦੋਸ਼ ਲਾਏ ਗਏ ਹਨ। 7 ਜੂਨ ਨੂੰ ਆਰ.ਸੀ.ਐਮ.ਪੀ. ਕੋਲ ਇਹ ਸ਼ਿਕਾਇਤ ਦਰਜ ਹੋਈ ਸੀ, ਜਿਸ ‘ਤੇ 13 ਜੂਨ ਨੂੰ ਕਾਰਵਾਈ ਕੀਤੀ ਗਈ। ਇਹ ਸ਼ੱਕੀ ਬੁੱਧਵਾਰ ਨੂੰ ਐਡਮਿੰਟਨ ਦੀ ਅਦਾਲਤ ‘ਚ ਪੇਸ਼ ਹੋਵੇਗਾ।
ਕੈਲਗਰੀ ਦੇ 23 ਸਾਲਾ ਨੌਜਵਾਨ ਦੀ ਗ੍ਰਿਫ਼ਤਾਰੀ
ਕੈਲਗਰੀ ਦੇ 23 ਸਾਲਾ ਨੌਜਵਾਨ ਨੇ ਟਵਿਟਰ ਰਾਹੀਂ ਧਮਕੀਆਂ ਦਿੱਤੀਆਂ ਸਨ, ਜਿਸ ਕਾਰਨ ਉਸ ਨੂੰ 6 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸ਼ੱਕੀ ਨੂੰ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਆਰ.ਸੀ.ਐਮ.ਪੀ. ਦੇ ਇੰਸਪੈਕਟਰ ਮੈਥਿਊ ਜੌਹਨਸਨ ਨੇ ਕਿਹਾ ਕਿ ਅੱਜਕਲ ਆਨਲਾਈਨ ਧਮਕੀਆਂ ਆਮ ਗੱਲ ਬਣ ਗਈਆਂ ਹਨ, ਜਿਸ ਕਾਰਨ ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ। ਇਹ ਵਧਦੇ ਅਪਰਾਧਕ ਕਾਰਨਾਮਿਆਂ ‘ਤੇ ਰੋਕ ਲਾਉਣ ਲਈ ਕੀਤੀ ਗਈ ਮਹੱਤਵਪੂਰਨ ਕਾਰਵਾਈ ਹੈ।
ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਟਰੂਡੋ ਨੂੰ ਆਨਲਾਈਨ ਧਮਕੀਆਂ ਦੇਣ ਵਾਲਿਆਂ ਵਿਰੁੱਧ ਕਈ ਕਾਰਵਾਈਆਂ ਹੋ ਚੁੱਕੀਆਂ ਹਨ। ਫਰਵਰੀ 2024 ਵਿੱਚ ਮੌਂਟਰੀਅਲ ਦੇ ਇਕ ਸ਼ਖਸ ਵਿਰੁੱਧ ਵੀ ਧਮਕੀ ਦੇਣ ਦੇ ਦੋਸ਼ ਲਗਾਏ ਗਏ ਸਨ। ਹਾਊਸ ਆਫ ਕਾਮਨਜ਼ ਦੇ ਅਧਿਕਾਰੀਆਂ ਦੇ ਮੁਤਾਬਕ, ਪਿਛਲੇ ਪੰਜ ਸਾਲਾਂ ਵਿੱਚ ਪਾਰਲੀਮੈਂਟ ਮੈਂਬਰਾਂ ਨੂੰ ਤੰਗ ਕਰਨ ਦੇ ਮਾਮਲਿਆਂ ‘ਚ 800 ਫੀਸਦੀ ਵਾਧਾ ਹੋਇਆ ਹੈ।
ਆਰ.ਸੀ.ਐਮ.ਪੀ. ਦੇ ਸਹਾਇਕ ਕਮਿਸ਼ਨਰ ਦੇ ਅਨੁਸਾਰ, 2018 ਤੋਂ ਬਾਅਦ ਸੁਰੱਖਿਆ ਮੰਗਣ ਵਾਲੇ ਐਮ.ਪੀਜ਼ ਦੀ ਗਿਣਤੀ ਦੁੱਗਣੀ ਹੋ ਗਈ ਹੈ। ਔਟਵਾ ਦੀ ਕਾਰਲਟਨ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਸਟੈਫਨੀ ਕਾਰਵਨ ਨੇ ਕਿਹਾ ਕਿ ਉਚੇ ਅਹੁਦਿਆਂ ‘ਤੇ ਬੈਠੇ ਲੋਕਾਂ ਨੂੰ ਧਮਕੀਆਂ ਮਿਲਣੀਆਂ ਅਜਿਹੀਆਂ ਘਟਨਾਵਾਂ ਆਮ ਹਨ, ਪਰ ਕੁਝ ਮਾਮਲਿਆਂ ਵਿੱਚ ਪੁਲਿਸ ਦੀ ਕਾਰਵਾਈ ਜ਼ਰੂਰੀ ਹੋ ਜਾਂਦੀ ਹੈ।