ਕੈਨੇਡੀਅਨ ਪਾਸਪੋਰਟ ਹੁਣ ਦੁਨੀਆਂ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਵਿਚੋਂ ਸੱਤਵੇਂ ਸਥਾਨ ‘ਤੇ ਆ ਗਿਆ ਹੈ, ਜਦਕਿ ਅਮਰੀਕਾ ਇਸ ਦਰਜਾਬੰਦੀ ਵਿਚ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਰੈਂਕਿੰਗ ਵਿਚ ਸਿੰਗਾਪੁਰ ਪਹਿਲੇ ਸਥਾਨ ‘ਤੇ ਬਰਕਰਾਰ ਹੈ।
ਸਿੰਗਾਪੁਰ ਦੇ ਪਾਸਪੋਰਟ ਧਾਰਕ 195 ਦੇਸ਼ਾਂ ਵਿਚ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ, ਜਦਕਿ ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਸਪੇਨ ਦੇ ਪਾਸਪੋਰਟ ਧਾਰਕਾਂ ਨੂੰ 192 ਦੇਸ਼ਾਂ ਵਿਚ ਇਹ ਸਹੂਲਤ ਪ੍ਰਾਪਤ ਹੈ। ਕੈਨੇਡਾ ਦੇ ਨਾਲ, ਆਸਟ੍ਰੀਆ, ਫਿਨਲੈਂਡ, ਆਇਰਲੈਂਡ, ਲਗਜ਼ਮਬਰਗ, ਨੈਦਰਲੈਂਡਜ਼, ਦੱਖਣੀ ਕੋਰੀਆ ਅਤੇ ਸਵੀਡਨ ਦੇ ਨਾਗਰਿਕ ਵੀ 191 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਸਫਰ ਕਰ ਸਕਦੇ ਹਨ।
ਅਮਰੀਕਾ ਦੇ ਪਾਸਪੋਰਟ ਦੇ ਨਾਲ ਸੰਬੰਧਿਤ ਰੈਂਕਿੰਗ ਵਿਚ ਅੱਠਵਾਂ ਸਥਾਨ ਹੈ, ਜਿਸ ਦੇ ਨਾਗਰਿਕ 182 ਦੇਸ਼ਾਂ ਤੱਕ ਵੀਜ਼ਾ ਮੁਕਤ ਸਫਰ ਕਰ ਸਕਦੇ ਹਨ। ਇਸਦੇ ਉਲਟ, ਭਾਰਤ ਨੇ ਵੀ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ। ਭਾਰਤੀ ਪਾਸਪੋਰਟ ਪਿਛਲੇ ਸਾਲ ਦੇ 84ਵੇਂ ਸਥਾਨ ਤੋਂ ਚੜ੍ਹ ਕੇ ਇਸ ਵਾਰ 82ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਿਸ ਨਾਲ ਭਾਰਤੀ ਨਾਗਰਿਕ 58 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ।
ਇਸੇ ਤਰ੍ਹਾਂ, ਪਾਕਿਸਤਾਨ ਦਾ ਪਾਸਪੋਰਟ, ਜੋ ਕਿ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਮੰਨਿਆ ਜਾਂਦਾ ਹੈ, 100ਵੇਂ ਸਥਾਨ ‘ਤੇ ਹੈ ਅਤੇ ਪਾਕਿਸਤਾਨੀ ਨਾਗਰਿਕ 33 ਦੇਸ਼ਾਂ ਵਿਚ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। ਦੂਜੇ ਪਾਸੇ, ਯੂਕਰੇਨ ਦਾ ਪਾਸਪੋਰਟ 30ਵੇਂ ਸਥਾਨ ‘ਤੇ ਹੈ ਅਤੇ ਯੂਕਰੇਨੀ ਨਾਗਰਿਕ 148 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਸਫਰ ਕਰ ਸਕਦੇ ਹਨ।