ਕੈਨੇਡਾ ਦੇ ਰਿਚਮੰਡ ਸ਼ਹਿਰ ‘ਚ ਨਕਲੀ ਪੁਲਿਸ ਮੁਲਾਜ਼ਮਾਂ ਵੱਲੋਂ ਕਈ ਲੋਕਾਂ ਨੂੰ ਠੱਗਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਇੱਕ ਪੀੜਤ ਨੂੰ ਲਗਭਗ 15 ਲੱਖ ਡਾਲਰ ਦੀ ਠੱਗੀ ਦਾ ਸਾਮਨਾ ਕਰਨਾ ਪਿਆ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਇਹ ਗਿਰੋਹ ਮੁੱਖ ਤੌਰ ‘ਤੇ ਏਸ਼ੀਆਈ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਨਕਲੀ ਪੁਲਿਸ ਮੁਲਾਜ਼ਮਾਂ ਨੇ ਠੱਗੇ ਗਏ ਵਿਅਕਤੀ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਸ ਦੇ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਉਸ ਨੂੰ ਜਲਦ ਹੀ ਹਾਂਗਕਾਂਗ ਭੇਜਿਆ ਜਾਵੇਗਾ।
ਨਕਲੀ ਪੁਲਿਸ ਮੁਲਾਜ਼ਮਾਂ ਦੀ ਇਹ ਠੱਗੀ ਕਈ ਵਾਰ ਐਨੀ ਹੋਸ਼ਿਆਰੀ ਨਾਲ ਕੀਤੀ ਜਾਂਦੀ ਹੈ ਕਿ ਪੀੜਤ ਨੂੰ ਯਕੀਨ ਹੋ ਜਾਂਦਾ ਹੈ ਕਿ ਉਹ ਸੱਚਮੁੱਚ ਗ੍ਰਿਫ਼ਤਾਰ ਹੋ ਸਕਦੇ ਹਨ। ਇਨ੍ਹਾਂ ਘਟਨਾਵਾਂ ਦੇ ਬਾਅਦ ਆਰ.ਸੀ.ਐਮ.ਪੀ. ਨੇ ਰਿਚਮੰਡ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਹਨਾਂ ਦੱਸਿਆ ਕਿ ਸਰਕਾਰੀ ਏਜੰਸੀਆਂ ਕਦੇ ਵੀ ਕਿਸੇ ਤੋਂ ਨਕਦ ਪੈਸੇ ਜਾਂ ਬਿਟਕੁਆਇਨ, ਗੂਗਲ ਪਲੇਅ ਜਾਂ ਗਿਫਟ ਕਾਰਡਾਂ ਦੀ ਮੰਗ ਨਹੀਂ ਕਰਦੀਆਂ। ਜੇਕਰ ਕਿਸੇ ਨੂੰ ਨਕਲੀ ਪੁਲਿਸ ਮੁਲਾਜ਼ਮ ਮਿਲੇ ਜਾਂ ਉਹਨਾਂ ਵੱਲੋਂ ਧਮਕਾਇਆ ਜਾਵੇ ਤਾਂ 911 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।
ਦੂਜੇ ਪਾਸੇ, ਹੈਲੀਫੈਕਸ ਦੇ ਸਟੈਨਫੀਲਡ ਇੰਟਰਨੈਸ਼ਨਲ ਏਅਰਪੋਰਟ ‘ਤੇ ਦੋ ਔਰਤਾਂ ਕੋਲੋਂ ਭੰਗ ਨਾਲ ਭਰੇ ਚਾਰ ਸੂਟਕੇਸ ਬਰਾਮਦ ਹੋਏ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਯੂ.ਕੇ. ਜਾ ਰਹੀ ਫਲਾਈਟ ਦੀ ਚੈਕਿੰਗ ਦੌਰਾਨ ਇਹ ਬਰਾਮਦਗੀ ਕੀਤੀ। ਭੰਗ ਦੀ ਕੁੱਲ ਮਾਤਰਾ 140 ਕਿਲੋ ਦੱਸੀ ਗਈ ਹੈ। ਗ੍ਰਿਫ਼ਤਾਰ ਔਰਤਾਂ ਦੀ ਉਮਰ 20 ਅਤੇ 22 ਸਾਲ ਹੈ ਅਤੇ ਉਹਨਾਂ ‘ਤੇ ਤਸਕਰੀ ਦੇ ਇਰਾਦੇ ਨਾਲ ਭੰਗ ਰੱਖਣ ਦੇ ਦੋਸ਼ ਲਾਏ ਗਏ ਹਨ।
ਕੈਨੇਡਾ ‘ਚ ਭੰਗ ਕਾਨੂੰਨੀ ਹੋਣ ਦੇ ਬਾਵਜੂਦ, ਐਨੀ ਵੱਡੀ ਮਾਤਰਾ ਵਿੱਚ ਭੰਗ ਤਿਆਰ ਕਰਨਾ ਅਤੇ ਵਿਦੇਸ਼ ਲਿਜਾਣਾ ਗੈਰਕਾਨੂੰਨੀ ਹੈ। ਆਮ ਤੌਰ ‘ਤੇ, ਕੈਨੇਡਾ ਤੋਂ ਅਮਰੀਕਾ ਵਿੱਚ ਭੰਗ ਲਿਜਾਣ ਦੇ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।