GTA News Media

Top Info Bar
22.1°C Toronto Loading date...
Punjab Sports World

ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ

ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ
Share this post via:
 

ਭਾਰਤ ਦੀ ਪ੍ਰਸਿੱਧ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਮਨੂ ਭਾਕਰ ਨਿਸ਼ਾਨੇਬਾਜ਼ੀ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਸਦਾ ਇਹ ਸਫਰ ਬਹੁਤ ਹੀ ਸਖਤ ਰਿਹਾ।

ਇਹ ਮਨੂ ਭਾਕਰ ਦਾ ਦੂਜਾ ਓਲੰਪਿਕ ਸੀ। 2020 ਦੇ ਟੋਕੀਓ ਓਲੰਪਿਕ ਵਿੱਚ ਉਸਨੇ ਆਪਣੀ ਸ਼ੁਰੂਆਤ ਕੀਤੀ ਸੀ, ਪਰ 10 ਮੀਟਰ ਏਅਰ ਪਿਸਟਲ ਕੁਆਲੀਫਿਕੇਸ਼ਨ ਰਾਊਂਡ ਦੌਰਾਨ ਉਸਦੀ ਪਿਸਟਲ ਟੁੱਟ ਜਾਣ ਕਰਕੇ ਉਹ ਮੈਡਲ ਹਾਸਲ ਨਹੀਂ ਕਰ ਸਕੀ ਸੀ। ਮਿਕਸਡ ਟੀਮ 10 ਮੀਟਰ ਪਿਸਟਲ ਅਤੇ 25 ਮੀਟਰ ਪਿਸਟਲ ਮੁਕਾਬਲਿਆਂ ਵਿੱਚ ਵੀ ਉਹ ਮੈਡਲ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੂ ਭਾਕਰ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ। ਉਹਨਾਂ ਨੇ ਕਿਹਾ, “ਇਹ ਇੱਕ ਇਤਿਹਾਸਕ ਪ੍ਰਾਪਤੀ ਹੈ! ਪੈਰਿਸ ਓਲੰਪਿਕ 2024 ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਣ ਲਈ ਮਨੂ ਭਾਕਰ ਨੂੰ ਮੁਬਾਰਕਾਂ। ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਲਈ ਉਸਨੂੰ ਸ਼ਾਬਾਸ਼ੀ।”

 

ਕਈ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਇਕੋ ਇਕ ਅਥਲੀਟ

22 ਸਾਲਾ ਮਨੂ ਭਾਕਰ ਪੈਰਿਸ 2024 ਓਲੰਪਿਕ ਵਿੱਚ ਔਰਤਾਂ ਦੇ 10 ਮੀਟਰ ਏਅਰ ਪਿਸਟਲ, 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਅਤੇ 25 ਮੀਟਰ ਪਿਸਟਲ ਮੁਕਾਬਲਿਆਂ ਵਿੱਚ ਭਾਗ ਲੈ ਰਹੀ ਹੈ। ਉਹ 21 ਮੈਂਬਰੀ ਭਾਰਤੀ ਟੀਮ ਦੀ ਇਕਲੌਤੀ ਖਿਡਾਰਨ ਹੈ ਜਿਸ ਨੇ ਕਈ ਵਿਅਕਤੀਗਤ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ।

ਮਨੂ ਭਾਕਰ ਦੀਆਂ ਪਿਛਲੀ ਪ੍ਰਾਪਤੀਆਂ

ਮਨੂ ਨੇ 2023 ਦੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 25 ਮੀਟਰ ਪਿਸਟਲ ਮੁਕਾਬਲੇ ਵਿੱਚ ਪੰਜਵੇਂ ਸਥਾਨ ’ਤੇ ਰਹਿ ਕੇ ਪੈਰਿਸ 2024 ਓਲੰਪਿਕ ਲਈ ਕੋਟਾ ਪ੍ਰਾਪਤ ਕੀਤਾ ਸੀ। ਉਸਨੇ ISSF ਵਿਸ਼ਵ ਕੱਪ ਵਿੱਚ ਸਭ ਤੋਂ ਛੋਟੀ ਉਮਰ ਦੀ ਭਾਰਤੀ ਹੋਣ ਦਾ ਗੌਰਵ ਪ੍ਰਾਪਤ ਕੀਤਾ ਅਤੇ ਗੋਲਡ ਕੋਸਟ 2018 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ।

ਮਨੂ ਦਾ ਨਵਾਂ ਸਫਰ

ਮਨੂ ਭਾਕਰ, ਜੋ ਕਿ ਬਿਊਨਸ ਆਇਰਸ 2018 ਯੂਥ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਹੈ, ਨੇ ਪਿਛਲੇ ਸਾਲ ਏਸ਼ੀਆਈ ਖੇਡਾਂ ‘ਚ ਮਹਿਲਾ 25 ਮੀਟਰ ਟੀਮ ਪਿਸਟਲ ਦਾ ਖਿਤਾਬ ਵੀ ਜਿੱਤਿਆ ਸੀ।

ਮੁੱਕੇਬਾਜ਼ੀ ਤੋਂ ਨਿਸ਼ਾਨੇਬਾਜ਼ੀ ਤੱਕ

ਮਨੂ ਭਾਕਰ, ਜੋ ਹਰਿਆਣਾ ਦੇ ਝੱਜਰ ਤੋਂ ਹੈ, ਨੇ ਆਪਣੇ ਸਕੂਲੀ ਦਿਨਾਂ ਵਿੱਚ ਟੈਨਿਸ, ਸਕੇਟਿੰਗ ਅਤੇ ਮੁੱਕੇਬਾਜ਼ੀ ਜਿਹੇ ਖੇਡਾਂ ਵਿੱਚ ਹਿੱਸਾ ਲਿਆ। ਮੁੱਕੇਬਾਜ਼ੀ ਦੌਰਾਨ ਅੱਖ ‘ਤੇ ਸੱਟ ਲੱਗਣ ਕਰਕੇ ਉਸਨੇ ਮੁੱਕੇਬਾਜ਼ੀ ਛੱਡ ਦਿੱਤੀ, ਪਰ ਖੇਡਾਂ ਪ੍ਰਤੀ ਉਸਦਾ ਜਨੂੰਨ ਕਦੇ ਨਹੀਂ ਮਰਿਆ।

ਰੀਓ ਓਲੰਪਿਕ 2016 ਦੇ ਤੁਰੰਤ ਬਾਅਦ ਮਨੂ ਨੇ 14 ਸਾਲ ਦੀ ਉਮਰ ਵਿੱਚ ਸ਼ੂਟਿੰਗ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਉਸ ਦੇ ਪਿਤਾ ਰਾਮ ਕਿਸ਼ਨ ਭਾਕਰ ਨੇ ਉਸਨੂੰ ਪਿਸਟਲ ਖਰੀਦ ਕੇ ਦਿੱਤੀ, ਜਿਸ ਨਾਲ ਮਨੂ ਭਾਕਰ ਨੇ ਓਲੰਪਿਕ ਤਕ ਦਾ ਸਫਰ ਤੈਅ ਕੀਤਾ।