ਕੈਨੇਡਾ ਵਿੱਚ ਤਿੰਨ ਪੰਜਾਬੀ ਨਾਗਰਿਕਾਂ ’ਤੇ ਵੱਡੇ ਅਪਰਾਧਾਂ ਦੇ ਦੋਸ਼
ਕੈਨੇਡਾ ਵਿੱਚ ਤਿੰਨ ਪੰਜਾਬੀ ਨਾਗਰਿਕਾਂ ’ਤੇ ਵੱਡੇ ਅਪਰਾਧਾਂ ਦੇ ਦੋਸ਼ ਲੱਗੇ ਹਨ। ਉਨਟਾਰੀਓ ਦੇ ਨਿਊ ਮਾਰਕਿਟ ਸ਼ਹਿਰ ਵਿੱਚ ਇੱਕ ਗੈਸ ਸਟੇਸ਼ਨ ’ਤੇ ਹੋਈ ਕਾਰ ਖੋਹਣ ਦੀ ਘਟਨਾ ਵਿੱਚ ਯਾਰਕ ਰੀਜਨਲ ਪੁਲਿਸ 39 ਸਾਲਾ ਗਿਆਨੀ ਜ਼ੈਲ ਸਿੰਘ ਸਿੱਧੂ ਦੀ ਭਾਲ ਕਰ ਰਹੀ ਹੈ। ਦੂਜੇ ਮਾਮਲੇ ਵਿੱਚ ਵੌਅਨ ਸ਼ਹਿਰ ਵਿੱਚ ਇੱਕ ਸਟੋਰ ਲੁੱਟਣ ਦੇ ਦੋਸ਼ ਹੇਠ ਸੁਖਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਨਿਊ ਮਾਰਕਿਟ ਦੇ ਮੁਲੌਕ ਡਰਾਈਵ ਅਤੇ ਹੈਰੀ ਵੌਕਰ ਪਾਰਕਵੇਅ ਇਲਾਕੇ ਦੇ ਗੈਸ ਸਟੇਸ਼ਨ ’ਤੇ ਇੱਕ ਔਰਤ ਆਪਣੀ ਗੱਡੀ ਵਿੱਚ ਤੇਲ ਪਾ ਰਹੀ ਸੀ, ਜਦੋਂ ਇੱਕ ਸ਼ੱਕੀ ਆਦਮੀ ਉਸ ਦੀ ਗੱਡੀ ਦੀ ਡਰਾਈਵਰ ਸੀਟ ’ਤੇ ਬੈਠ ਗਿਆ। ਔਰਤ ਨੇ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸ਼ੱਕੀ ਨੇ ਉਸ ਨੂੰ ਧੱਕਾ ਦੇ ਕੇ ਗੱਡੀ ਖੋ ਲਈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ।
ਕੈਲੇਡਨ ਦੇ ਮੇਅਫੀਲਡ ਰੋਡ ਅਤੇ ਬਰੈਮਲੀ ਰੋਡ ਇਲਾਕੇ ਵਿੱਚ, ਉਸੇ ਗੱਡੀ ਦੇ ਫਰਾਰ ਹੋਣ ਦੀ ਸੂਚਨਾ ਮਿਲੀ, ਜੋ ਨਿਊ ਮਾਰਕਿਟ ਤੋਂ ਚੋਰੀ ਹੋਈ ਸੀ। ਪੁਲਿਸ ਮੁਤਾਬਕ, ਸ਼ੱਕੀ ਪੈਦਲ ਹੀ ਫਰਾਰ ਹੋ ਗਿਆ ਅਤੇ ਡਰੋਨ ਦੀ ਮਦਦ ਨਾਲ ਵੀ ਉਸ ਦੀ ਪਤਾ ਲਗਾਉਣੀ ਸੰਭਵ ਨਹੀਂ ਹੋ ਸਕੀ। ਯਾਰਕ ਰੀਜਨਲ ਪੁਲਿਸ ਨੇ ਗਿਆਨੀ ਜ਼ੈਲ ਸਿੰਘ ਸਿੱਧੂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਉਸ ਦਾ ਹੁਲਿਆ ਦਿੱਤਾ ਹੈ।
ਗਿਆਨੀ ਜ਼ੈਲ ਸਿੰਘ ਸਿੱਧੂ ਤੇ ਲੁੱਟ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਹਾਦਸੇ ਮਗਰੋਂ ਮੌਕੇ ’ਤੇ ਨਾ ਰਹਿਣ ਅਤੇ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਕੀਤੀ ਪ੍ਰੌਪਰਟੀ ਰੱਖਣ ਦੇ ਦੋਸ਼ ਲਗਾਏ ਗਏ ਹਨ। ਉਸਨੂੰ ਕਾਰਜੈਕਿੰਗ ਤੋਂ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਜਾਣਕਾਰੀ 1866 876 5423 ਐਕਸਟੈਨਸ਼ਨ 6630 ’ਤੇ ਯਾਰਕ ਰੀਜਨਲ ਪੁਲਿਸ ਨਾਲ ਸਾਂਝੀ ਕਰੇ ਜਾਂ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ ’ਤੇ ਸੰਪਰਕ ਕਰੇ।