ਕੈਲਗਰੀ ਵਿੱਚ ਸੋਮਵਾਰ ਨੂੰ ਹੋਈ ਗੜੇਮਾਰੀ ਦੀ ਵਜ੍ਹਾ ਨਾਲ ਕਈ ਹਵਾਈ ਜਹਾਜ਼ ਨੁਕਸਾਨ ਦਾ ਸ਼ਿਕਾਰ ਹੋ ਗਏ, ਜਿਸ ਨਾਲ ਹਵਾਈ ਕਿਰਾਏ ਵਧ ਸਕਦੇ ਹਨ। ਇਸ ਘਟਨਾ ਦੌਰਾਨ ਵੈਸਟਜੈਟ ਅਤੇ ਫਲੇਅਰ ਏਅਰਲਾਈਨਜ਼ ਦੇ ਜਹਾਜ਼ ਪ੍ਰਭਾਵਿਤ ਹੋਏ, ਜਿਸ ਕਾਰਨ ਸੈਂਕੜੇ ਫਲਾਈਟਸ ਰੱਦ ਹੋਈਆਂ ਅਤੇ ਹਜ਼ਾਰਾਂ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਨੁਕਸਾਨ ਦੀ ਭਰਪਾਈ ਲਈ ਏਅਰਲਾਈਨਜ਼ ਹਵਾਈ ਕਿਰਾਏ ਵਧਾਉਣ ਦੇ ਵਿਕਲਪ ‘ਤੇ ਵਿਚਾਰ ਕਰ ਰਹੀਆਂ ਹਨ।
ਵੈਸਟਜੈਟ ਅਤੇ ਫਲੇਅਰ ਏਅਰਲਾਈਨਜ਼ ਦੇ ਕੁਲ ਜਹਾਜ਼ਾਂ ਵਿੱਚੋਂ ਲਗਭਗ 10 ਫ਼ੀਸਦੀ ਜਹਾਜ਼ ਸੇਵਾਵਾਂ ਵਿੱਚੋਂ ਬਾਹਰ ਹਨ, ਜਿਨ੍ਹਾਂ ਦੀ ਮੁਰੰਮਤ ਜਾਰੀ ਹੈ। ਵੈਸਟਜੈਟ ਨੇ ਦੱਸਿਆ ਕਿ ਸੋਮਵਾਰ ਤੋਂ ਬੁੱਧਵਾਰ ਤੱਕ 248 ਫਲਾਈਟਸ ਰੱਦ ਕੀਤੀਆਂ ਗਈਆਂ, ਅਤੇ ਕਈਆਂ ਦੇ ਰੂਟਾਂ ਵਿੱਚ ਤਬਦੀਲੀ ਕੀਤੀ ਗਈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੋਰ 106 ਫਲਾਈਟਸ ਵੀ ਰੱਦ ਹੋਈਆਂ, ਜਿਸ ਨਾਲ ਫਲੇਅਰ ਏਅਰਲਾਈਨਜ਼ ਨੂੰ ਵੀ ਆਪਣੀਆਂ ਫਲਾਈਟਸ ਦੀ ਗਿਣਤੀ ਘਟਾਉਣੀ ਪਈ।
ਇਸ ਸਥਿਤੀ ਨਾਲ ਹਵਾਈ ਯਾਤਰਾ ਦੀ ਮੰਗ ‘ਤੇ ਕੋਈ ਘਾਟ ਨਹੀਂ ਆਈ ਹੈ, ਪਰ ਕਿਰਾਏ ਵਧਣ ਦੀ ਸੰਭਾਵਨਾ ਹੈ। ਯੂਨੀਵਰਸਿਟੀ ਆਫ ਮੈਨੀਟੋਬਾ ਦੇ ਟ੍ਰਾਂਸਪੋਰਟ ਇੰਸਟੀਚਿਊਟ ਦੇ ਮੁਖੀ ਬੈਰੀ ਪ੍ਰੈਂਟਿਸ ਅਨੁਸਾਰ, ਜੇਕਰ ਇਹ ਸਥਿਤੀ ਅਜੇਹੀ ਹੀ ਰਹੀ ਤਾਂ ਹਵਾਈ ਯਾਤਰਾ ਦੇ ਭਾਅ ਵਿੱਚ ਵਾਧਾ ਹੋ ਸਕਦਾ ਹੈ। ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਦੇ 10 ਫ਼ੀਸਦੀ ਜਹਾਜ਼ ਸੇਵਾ ਵਿੱਚ ਨਾ ਹੋਣ ਦਾ ਸਿੱਧਾ ਅਸਰ ਯਾਤਰਾ ਦੀ ਲਾਗਤ ‘ਤੇ ਪਵੇਗਾ।