ਉਨਟਾਰੀਓ ‘ਚ 5 ਸਤੰਬਰ ਤੋਂ ਕਨਵੀਨੀਐਂਸ ਸਟੋਰਾਂ ‘ਚ ਬੀਅਰ ਅਤੇ ਵਾਈਨ ਦੀ ਵਿਕਰੀ ਦੀ ਆਗਿਆ ਮਿਲ ਰਹੀ ਹੈ, ਪਰ 7-ਇਲੈਵਨ ਨੇ ਇਕ ਹੋਰ ਕਦਮ ਚੁੱਕਦਿਆਂ ਗਾਹਕਾਂ ਨੂੰ ਸਟੋਰਾਂ ਵਿਚ ਬੈਠ ਕੇ ਬੀਅਰ ਪੀਣ ਦੀ ਵੀ ਸਹੂਲਤ ਦੇਣ ਦਾ ਫ਼ੈਸਲਾ ਕੀਤਾ ਹੈ। ਰਿਪੋਰਟਾਂ ਦੇ ਮੁਤਾਬਕ, ਉਨਟਾਰੀਓ ਵਿਚ 7-ਇਲੈਵਨ ਦੇ ਲਗਭਗ ਸਾਰੇ ਸਟੋਰਾਂ ਨੂੰ ਬੀਅਰ ਵੇਚਣ ਦੇ ਲਾਇਸੰਸ ਜਾਰੀ ਹੋ ਚੁੱਕੇ ਹਨ, ਹਾਲਾਂਕਿ ਕੁਝ ਲੋਕ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ। 7-ਇਲੈਵਨ ਕੈਨੇਡਾ ਦੇ ਵਾਇਸ ਪ੍ਰੈਜ਼ੀਡੈਂਟ ਮਾਰਕ ਗੁਡਮੈਨ ਨੇ ਕਿਹਾ ਕਿ ਉਹਨਾਂ ਦਾ ਅਦਾਰਾ ਪਹਿਲਾਂ ਇੱਕ ਰੈਸਟੋਰੈਂਟ ਹੈ ਜੋ ਕਨਵੀਨੀਐਂਸ ਸਟੋਰ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ।
ਨਵੇਂ ਨਿਯਮਾਂ ਅਨੁਸਾਰ, 7-ਇਲੈਵਨ ਦੇ ਸਟੋਰਾਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਹੁਣ ਬੀਅਰ ਅਤੇ ਵਾਈਨ ਵੀ ਪਰੋਸੀ ਜਾ ਸਕੇਗੀ। ਸਟੋਰਾਂ ਵਿਚ ਘੱਟੋ-ਘੱਟ 10 ਲੋਕਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ, ਜੋ ਸਟੋਰ ਦੇ ਬਾਕੀ ਹਿੱਸੇ ਤੋਂ ਵੱਖ ਹੋਵੇਗੀ। ਇੱਥੇ ਬੀਅਰ ਅਤੇ ਵਾਈਨ ਦੁਪਹਿਰ ਤੋਂ ਰਾਤ 11 ਵਜੇ ਤੱਕ ਸਰਵ ਕੀਤੀ ਜਾਵੇਗੀ। ਉਨਟਾਰੀਓ ਵਿਚ 7-ਇਲੈਵਨ ਦੇ 59 ਸਟੋਰਾਂ ਵਿਚੋਂ 58 ਸਟੋਰਾਂ ਵਿਚ 5 ਸਤੰਬਰ ਤੋਂ ਬੀਅਰ ਅਤੇ ਵਾਈਨ ਦੀ ਵਿਕਰੀ ਸ਼ੁਰੂ ਹੋਣ ਜਾ ਰਹੀ ਹੈ, ਜਦੋਂ ਕਿ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਾਲੇ ਸਟੋਰ ‘ਤੇ ਇਹ ਸੇਵਾ ਉਪਲਬਧ ਨਹੀਂ ਹੋਵੇਗੀ।
ਇਸ ਦੇ ਨਾਲ, ਗੁਡਮੈਨ ਨੇ ਦੱਸਿਆ ਕਿ ਉਨਟਾਰੀਓ ਤੋਂ ਬਾਅਦ, ਕੈਨੇਡਾ ਦੇ ਹੋਰ ਸੂਬਿਆਂ ਵਿਚ ਵੀ 7-ਇਲੈਵਨ ਸਟੋਰਾਂ ‘ਤੇ ਐਲਕੋਹਲ ਦੀ ਵਿਕਰੀ ਸ਼ੁਰੂ ਕਰਨ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਬੀਅਰ ਅਤੇ ਵਾਈਨ ਦੀਆਂ ਕੀਮਤਾਂ ਬਾਜ਼ਾਰ ਦੇ ਮੁਕਾਬਲੇ ਨੂੰ ਧਿਆਨ ਵਿਚ ਰੱਖਦਿਆਂ ਨਿਰਧਾਰਿਤ ਕੀਤੀਆਂ ਜਾਣਗੀਆਂ।
ਇਸ ਫੈਸਲੇ ਦੇ ਉਲਟ, ਕੁਝ ਲੋਕਾਂ ਦਾ ਮੰਨਣਾ ਹੈ ਕਿ ਕਨਵੀਨੀਐਂਸ ਸਟੋਰਾਂ ‘ਤੇ ਬੀਅਰ ਦੀ ਵਿਕਰੀ ਨਾਲ ਅਪਰਾਧ ਦੇ ਘਟਾਏ ਜਾਣ ਦੀ ਸੰਭਾਵਨਾ ਘੱਟ ਹੈ।