ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਹ ਸਤੰਬਰ ਵਿੱਚ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੀ ਮਿਆਦ ਪੂਰੀ ਹੋਣ ‘ਤੇ ਅਹੁਦਾ ਛੱਡ ਦੇਣਗੇ। ਇਸ ਨਾਲ, ਉਹ ਸਤੰਬਰ ਵਿੱਚ ਹੋਣ ਵਾਲੀਆਂ ਪਾਰਟੀ ਪ੍ਰਧਾਨ ਦੀਆਂ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ। ਇਹ ਖਬਰ ਜਾਪਾਨ ਦੇ ਸਰਕਾਰੀ ਟੀਵੀ ਚੈਨਲ ਵੱਲੋਂ ਪੁਸ਼ਟੀ ਕੀਤੀ ਗਈ ਹੈ।
ਰਾਇਟਰਜ਼ ਦੀ ਰਿਪੋਰਟ ਅਨੁਸਾਰ, ਫੂਮੀਓ ਕਿਸ਼ਿਦਾ ਨੇ ਲਿਬਰਲ ਡੈਮੋਕ੍ਰੇਟਿਕ ਪਾਰਟੀ (LDP) ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਅਕਤੂਬਰ 2021 ਵਿੱਚ ਫੂਮੀਓ ਕਿਸ਼ਿਦਾ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਅਹੁਦਾ ਸੰਭਾਲਿਆ ਸੀ, ਜਦੋਂ ਉਨ੍ਹਾਂ ਨੇ ਯੋਸ਼ੀਹਾਈਦ ਸੁਗਾ ਦੀ ਥਾਂ ਲਈ ਸੀ। ਇਸ ਸਾਲ ਅਕਤੂਬਰ ਵਿੱਚ ਜਾਪਾਨ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ।
ਬੁੱਧਵਾਰ ਨੂੰ ਕਿਸ਼ਿਦਾ ਨੇ ਇਹ ਸਪਸ਼ਟ ਕੀਤਾ ਕਿ ਉਹ LDP ਦੇ ਪ੍ਰਧਾਨ ਦੀ ਚੋਣ ਵਿੱਚ ਹਿੱਸਾ ਨਹੀਂ ਲੈਣਗੇ ਅਤੇ ਸਤੰਬਰ ਵਿੱਚ ਨਵੇਂ ਨੇਤਾ ਦੀ ਚੋਣ ਤੱਕ ਹੀ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਕਾਇਮ ਰਹਿਣਗੇ। ਉਨ੍ਹਾਂ ਨੇ ਅਹੁਦਾ ਛੱਡਣ ਦੇ ਪਿੱਛੇ ਪਾਰਟੀ ਦੇ ਅੰਦਰਲੇ ਵਿਵਾਦਾਂ ਨੂੰ ਮੁੱਖ ਕਾਰਨ ਦੱਸਿਆ ਹੈ।
ਕਿਸ਼ਿਦਾ ਵੱਲੋਂ ਚੋਣਾਂ ਤੋਂ ਪਹਿਲਾਂ ਅਸਤੀਫੇ ਦਾ ਐਲਾਨ ਕਰਨਾ ਕਈਆਂ ਲਈ ਹੈਰਾਨੀ ਦਾ ਕਾਰਨ ਬਣਿਆ ਹੈ। ਰਿਪੋਰਟਾਂ ਮੁਤਾਬਕ, ਪਾਰਟੀ ਦੇ ਕੁਝ ਸਿੰਯਾਸੀ ਕਿਸ਼ਿਦਾ ਦੀ ਸਰਕਾਰ ਦੇ ਵਿਰੋਧ ਵਿੱਚ ਸਨ। ਉਨ੍ਹਾਂ ਨੇ ਕਿਹਾ ਕਿ ਕਿਸ਼ਿਦਾ ਦੀ ਅਗਵਾਈ ਵਿੱਚ ਚੋਣਾਂ ਜਿੱਤਣਾ ਔਖਾ ਹੋ ਸਕਦਾ ਹੈ, ਖ਼ਾਸ ਕਰਕੇ ਜਦੋਂ ਪਾਰਟੀ ਅੰਦਰ ਵਿਵਾਦਾਂ ਨੇ ਜਾਪਾਨ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ।
ਪਿਛਲੇ ਦਸੰਬਰ ਵਿੱਚ ਯੂਨੀਫਿਕੇਸ਼ਨ ਚਰਚ ਨਾਲ ਪਾਰਟੀ ਦੇ ਸਬੰਧਾਂ ਦੇ ਖੁਲਾਸੇ ਅਤੇ ਸਿਆਸੀ ਫੰਡਿੰਗ ਦੇ ਵਿਵਾਦ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਤੋਂ ਇਲਾਵਾ, ਕਿਸ਼ਿਦਾ ਦੀ ਕੈਬਿਨੇਟ ਦੀ ਅਪਰੂਵਲ ਰੇਟਿੰਗ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ, ਜੋ ਉਨ੍ਹਾਂ ਦੇ ਅਸਤੀਫੇ ਦਾ ਇੱਕ ਹੋਰ ਮੁੱਖ ਕਾਰਨ ਹੈ। ਇਸੇ ਦੌਰਾਨ, ਭ੍ਰਿਸ਼ਟਾਚਾਰ ਦੇ ਮਾਮਲਿਆਂ ਅਤੇ ਕਈ ਸਕੈਂਡਲਾਂ ਨੇ ਕਿਸ਼ਿਦਾ ਦੀ ਲੋਕਪ੍ਰਿਅਤਾ ਨੂੰ ਵੀ ਕਾਫੀ ਘਟਾਇਆ ਹੈ।