ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿੱਚ ਆਰ.ਸੀ.ਐਮ.ਪੀ. ਨੇ ਇਕ ਵੱਡੀ ਅਤੇ ਆਧੁਨਿਕ ਨਸ਼ੇ ਦੀ ਲੈਬ ਦਾ ਪਰਦਾਫਾਸ਼ ਕਰਦਿਆਂ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿੱਚ ਬਲਵਿੰਦਰ ਜੌਹਲ ਵੀ ਸ਼ਾਮਿਲ ਹੈ। ਇਸ ਦੌਰਾਨ ਪੁਲਿਸ ਵੱਲੋਂ 49 ਕਿਲੋ ਐਮ.ਡੀ.ਐਮ.ਏ. ਅਤੇ ਕਈ ਹੋਰ ਖਤਰਨਾਕ ਕੈਮੀਕਲਜ਼ ਬਰਾਮਦ ਕੀਤੇ ਗਏ ਹਨ, ਜੋ ਅੰਦਾਜਨ 80 ਕਿਲੋ ਤਕ ਨਸ਼ੀਲਾ ਪਦਾਰਥ ਤਿਆਰ ਕਰਨ ਵਿੱਚ ਸਮਰੱਥ ਹਨ।
ਇਹ ਮੁਹਿੰਮ 2022 ਵਿੱਚ ਪੈਸੇਫਿਕ ਰੀਜਨ ਫੈਡਰਲ ਪੋਲਿਸਿੰਗ ਪ੍ਰੋਗਰਾਮ ਦੇ ਤਹਿਤ ਸ਼ੁਰੂ ਕੀਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਮੇਪਲ ਰਿਜ ਅਤੇ ਕੌਕੁਇਟਲੈਮ ਇਲਾਕਿਆਂ ਵਿੱਚ ਚਾਰ ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਇਨ੍ਹਾਂ ਛਾਪਿਆਂ ਦੌਰਾਨ ਪੁਲਿਸ ਨੂੰ ਇਕ ਸੁਪਰਲੈਬ ਬਾਰੇ ਜਾਣਕਾਰੀ ਮਿਲੀ, ਜਿੱਥੇ ਵੱਡੀ ਮਾਤਰਾ ਵਿੱਚ ਐਮ.ਡੀ.ਐਮ.ਏ. ਤਿਆਰ ਕੀਤਾ ਜਾ ਰਿਹਾ ਸੀ।
ਆਰ.ਸੀ.ਐਮ.ਪੀ. ਦੇ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਦੇ ਸਾਰਜੈਂਟ ਸ਼ੌਨ ਮੈਕਨੀ ਨੇ ਦੱਸਿਆ ਕਿ ਅਜਿਹੀਆਂ ਲੈਬਾਂ ਵਿੱਚ ਤਿਆਰ ਕੀਤੇ ਨਸ਼ੇ ਅਪਰਾਧਕ ਗਿਰੋਹਾਂ ਲਈ ਵੱਡੀ ਆਮਦਨੀ ਦਾ ਸਰੋਤ ਬਣ ਸਕਦੇ ਹਨ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਵਿੱਚ ਫਸਾਉਣ ਵਿੱਚ ਇਹਨਾਂ ਦਾ ਯੋਗਦਾਨ ਹੁੰਦਾ ਹੈ। ਇਸ ਰੇਡ ਦੌਰਾਨ ਬਰਾਮਦ ਕੀਤੀ ਗਈਆਂ ਚੀਜ਼ਾਂ ਵਿੱਚ 51 ਹਜ਼ਾਰ ਡਾਲਰ ਨਕਦ, ਇਕ ਮਰਜ਼ਡੀਜ਼ ਬੈਂਜ਼ ਜੀ-ਕਲਾਸ ਅਤੇ ਇਕ ਟੈਸਲਾ 3 ਵੀ ਸ਼ਾਮਿਲ ਹਨ।
ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਬਲਵਿੰਦਰ ਜੌਹਲ ਦੇ ਨਾਲ ਕ੍ਰਿਸਟੋਫਰ ਐਲਵਿਸ, ਰਿਚਰਡ ਵੌਅ, ਡੈਨਿਸ ਹੈਲਸਟੈਡ, ਅਤੇ ਸ਼ੌਨ ਕੈਪਿਸ ਵੀ ਸ਼ਾਮਿਲ ਹਨ। ਇਹਨਾਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੂਜੇ ਪਾਸੇ, ਸਸਕੈਚਵਨ ਵਿੱਚ ਵੀ ਨਸ਼ੇ ਦੀ ਵਿਰੋਧੀ ਮੁਹਿੰਮ ਦੌਰਾਨ 26 ਕਿਲੋ ਮੇਥਮਫੈਟਾਮਿਨ, 9 ਕਿਲੋ ਕੋਕੀਨ ਅਤੇ 1 ਕਿਲੋ ਹੈਰੋਇਨ ਬਰਾਮਦ ਹੋਈ ਹੈ।
ਸਸਕਾਟੂਨ ਵਿਚ ਦੋ ਸ਼ੱਕੀ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਕੋਲੋਂ 43 ਹਜ਼ਾਰ ਡਾਲਰ ਨਕਦ ਅਤੇ 1 ਹਜ਼ਾਰ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹਨਾਂ ਦੀ ਪੇਸ਼ੀ 19 ਸਤੰਬਰ ਨੂੰ ਸਸਕਾਟੂਨ ਪ੍ਰੋਵਿਨਸ਼ੀਅਲ ਕੋਰਟ ਵਿਚ ਹੋਵੇਗੀ। ਇੰਸਪੈਕਟਰ ਰਿਚਰਡ ਪਿਕਰਿੰਗ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਕਾਰਨ ਹੋਰ ਕਈ ਅਪਰਾਧਕ ਸਰਗਰਮੀਆਂ ਨੂੰ ਹੋਕਾ ਮਿਲਦਾ ਹੈ, ਜੋ ਸਮਾਜ ਵਿੱਚ ਵੱਡੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ।
ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਨਸ਼ਿਆਂ ਦੇ ਵਿਰੁੱਧ ਕੈਨੇਡਾ ਵਿੱਚ ਚਲ ਰਹੀ ਮੁਹਿੰਮ ਦਾ ਹਿੱਸਾ ਹੈ, ਜਿਸ ਵਿੱਚ ਕਈ ਪੁਲਿਸ ਵਿਭਾਗਾਂ ਨੇ ਮਿਲ ਕੇ ਸਫਲਤਾ ਪ੍ਰਾਪਤ ਕੀਤੀ ਹੈ।