ਕੈਨੇਡਾ ਦੇ ਰੇਲਵੇ ਮਜ਼ਦੂਰਾਂ ਦੀ ਸੰਭਾਵੀ ਹੜਤਾਲ ਦੇ ਚਲਦਿਆਂ ਹਰ ਕੈਨੇਡੀਅਨ ਨੂੰ ਇਸਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਫੈਡਰਲ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਗੱਲਬਾਤ ਰਾਹੀਂ ਇਹ ਮਸਲਾ ਸੌਖੇ ਹੀ ਹੱਲ ਕੀਤਾ ਜਾ ਸਕਦਾ ਹੈ, ਜੋ ਸਾਰੇ ਪੱਖਾਂ ਲਈ ਵਧੀਆ ਰਹੇਗਾ।
ਟੀਮਸਟਰਜ਼ ਕੈਨੇਡਾ ਰੇਲ ਕਾਨਫਰੰਸ ਦੇ ਪ੍ਰਵਕਤਾ ਦੇ ਅਨੁਸਾਰ, ਜੇਕਰ ਬੁੱਧਵਾਰ ਅੱਧੀ ਰਾਤ ਤੱਕ ਕੋਈ ਸਮਝੌਤਾ ਨਹੀਂ ਹੁੰਦਾ, ਤਾਂ ਹੜਤਾਲ ਦੀ ਸ਼ੁਰੂਆਤ ਹੋ ਸਕਦੀ ਹੈ। ਇਸੇ ਦੌਰਾਨ, ਸੀ.ਐਨ. ਰੇਲ ਨੇ ਕਿਹਾ ਹੈ ਕਿ ਬੇਨਤੀਜਾ ਰਹੀ ਗੱਲਬਾਤ ਤੋਂ ਬਾਅਦ ਹੁਣ ਹੜਤਾਲ ਤੋਂ ਬਚਣ ਲਈ ਕੋਈ ਹੋਰ ਵਿਕਲਪ ਬਾਕੀ ਨਹੀਂ ਬਚਿਆ। ਹਾਲਾਂਕਿ, ਕੰਪਨੀ ਨੇ ਇਹ ਵੀ ਦੱਸਿਆ ਕਿ ਵੀਕਐਂਡ ਦੌਰਾਨ ਹੋਈ ਗੱਲਬਾਤ ਵਿੱਚ ਦੋਵੇਂ ਪੱਖ ਕੁਝ ਸਮਝੌਤੇ ਦੇ ਨੇੜੇ ਦਿਖਾਈ ਦਿੱਤੇ ਸਨ।
ਇਸ ਹੜਤਾਲ ਦੇ ਮੱਦੇਨਜ਼ਰ, ਸਰਕਾਰ ਨੇ ਵੀ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਕੈਨੇਡੀਆ ਰੇਲਵੇ ਕੰਪਨੀਆਂ ਰੋਜ਼ਾਨਾ ਇੱਕ ਅਰਬ ਡਾਲਰ ਮੁੱਲ ਦੇ ਮਾਲ ਦੀ ਢੁਆਈ ਕਰਦੀਆਂ ਹਨ, ਅਤੇ ਬੰਦਰਗਾਹਾਂ ਤੋਂ ਵਿਦੇਸ਼ ਭੇਜੇ ਜਾਣ ਵਾਲੇ ਸਮਾਨ ਦਾ ਅੱਧੇ ਤੋਂ ਵੱਧ ਹਿੱਸਾ ਰੇਲਵੇ ਦੁਆਰਾ ਭੇਜਿਆ ਜਾਂਦਾ ਹੈ। ਜੇ ਮੰਗਾਂ ਨੂੰ ਲੈ ਕੇ ਸਮਝੌਤਾ ਨਹੀਂ ਹੋਇਆ ਤਾਂ, ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੇਫਿਕ ਕੈਨਸਸ ਸਿਟੀ ਲਿਮਟਿਡ ਦੇ ਲਗਭਗ 9,300 ਮਜ਼ਦੂਰ ਹੜਤਾਲ ‘ਤੇ ਚਲੇ ਜਾਣਗੇ।
ਪਿਛਲੇ ਚਾਰ ਸਾਲਾਂ ਵਿੱਚ, ਕੈਨੇਡਾ ਦੀ ਸਪਲਾਈ ਚੇਨ ਨੇ ਕਈ ਵਾਰ ਹੜਤਾਲਾਂ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਦੇ ਬੰਦਰਗਾਹਾਂ ਦੇ ਕਰਮਚਾਰੀ 13 ਦਿਨਾਂ ਤੱਕ ਹੜਤਾਲ ‘ਤੇ ਰਹੇ ਸਨ, ਜਿਸ ਕਾਰਨ ਕੈਨੇਡਾ ਦੀ ਅਰਥਵਿਵਸਥਾ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਸੀ।
ਇਸ ਦੇ ਇਲਾਵਾ, ਟੋਰਾਂਟੋ ਦੀ ਕੈਮਟ੍ਰੇਡ ਲੌਜਿਸਟਿਕਸ ਕੰਪਨੀ, ਜੋ ਪੱਛਮੀ ਕੈਨੇਡਾ ਅਤੇ ਅਮਰੀਕਾ ਦੇ ਕਈ ਹਿੱਸਿਆਂ ਲਈ ਪਾਣੀ ਸਾਫ ਕਰਨ ਵਾਲੀ ਕਲੋਰੀਨ ਦੀ ਸਪਲਾਈ ਕਰਦੀ ਹੈ, ਦੇ ਪ੍ਰੈਜੀਡੈਂਟ ਐਲਨ ਰੌਬਿਨਸਨ ਨੇ ਕਿਹਾ ਹੈ ਕਿ ਕੁਝ ਖੇਤਰਾਂ ਵਿੱਚ ਸਿਰਫ਼ ਰੇਲਵੇ ਰਾਹੀਂ ਹੀ ਕਲੋਰੀਨ ਦੀ ਸਪਲਾਈ ਸੰਭਵ ਹੈ।
ਹਾਲਾਤਾਂ ਨੂੰ ਵੇਖਦਿਆਂ, ਵਾਈਟ ਹਾਊਸ ਅਤੇ ਯੂ.ਐਸ. ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਵੀ ਕੈਮਟ੍ਰੇਡ ਨਾਲ ਸੰਪਰਕ ਕੀਤਾ ਹੈ।