ਉਨਟਾਰੀਓ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਮਾਰਚ 2025 ਤੱਕ ਉਹ 10 ਸੁਰੱਖਿਅਤ ਨਸ਼ਾ ਸਾਈਟਾਂ ਨੂੰ ਬੰਦ ਕਰ ਰਹੀ ਹੈ ਜੋ ਸਕੂਲਾਂ ਜਾਂ ਚਾਈਲਡ ਕੇਅਰ ਸੈਂਟਰਾਂ ਦੇ 200 ਮੀਟਰ ਦੇ ਘੇਰੇ ਵਿੱਚ ਆਉਂਦੀਆਂ ਹਨ। ਇਹ ਸਾਈਟਾਂ ਟੋਰਾਂਟੋ, ਔਟਵਾ, ਕਿਚਨਰ, ਥੰਡਰ ਬੇਅ, ਹੈਮਿਲਟਨ ਅਤੇ ਗੁਐਲਫ ਵਿੱਚ ਸਥਿਤ ਹਨ। ਸਿਹਤ ਮੰਤਰੀ ਸਿਲਵੀਆ ਜੋਨਜ਼ ਨੇ ਔਟਵਾ ਵਿੱਚ ਹੋਈ ਐਸੋਸੀਏਸ਼ਨ ਆਫ਼ ਮਿਊਂਸਪੈਲਿਟੀਜ਼ ਆਫ਼ ਉਨਟਾਰੀਓ ਦੀ ਕਾਨਫਰੰਸ ਵਿੱਚ ਦੱਸਿਆ ਕਿ ਇਨ੍ਹਾਂ ਸਾਈਟਾਂ ਦੀ ਥਾਂ ਕੋਈ ਨਵੀਆਂ ਸਥਾਵਾਂ ਬਣਾਉਣ ਦੀ ਯੋਜਨਾ ਨਹੀਂ ਹੈ।
ਇਸ ਫੈਸਲੇ ਨਾਲ, ਉਨਟਾਰੀਓ ਵਿਚ ਸੁਰੱਖਿਅਤ ਨਸ਼ਾ ਸਾਈਟਾਂ ਦੀ ਗਿਣਤੀ 23 ਤੋਂ ਘਟ ਕੇ 13 ਰਹਿ ਜਾਵੇਗੀ, ਜਿਸ ਨਾਲ ਕਈ ਵਰਗਾਂ ਵਿਚ ਚਿੰਤਾ ਵਧ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ 378 ਮਿਲੀਅਨ ਡਾਲਰ ਦੇ ਨਵੇਂ ਕੇਂਦਰ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ, ਜੋ ਹੋਮਲੈਸਨੈਸ ਅਤੇ ਐਡਿਕਸ਼ਨ ਰਿਕਵਰੀ ਟ੍ਰੀਟਮੈਂਟ ਹੱਬਜ਼ ਵਜੋਂ ਕੰਮ ਕਰਨਗੇ।
ਜਦੋਂ ਸਿਲਵੀਆ ਜੋਨਜ਼ ਨੂੰ ਪੁੱਛਿਆ ਗਿਆ ਕਿ ਕੀ ਇਹ ਬੰਦਸ਼ਾਂ ਮੌਤਾਂ ਵਿੱਚ ਵਾਧੇ ਦਾ ਕਾਰਣ ਬਣ ਸਕਦੀਆਂ ਹਨ, ਤਾਂ ਉਨ੍ਹਾਂ ਨੇ ਦ੍ਰਿੜਤਾ ਨਾਲ ਕਿਹਾ ਕਿ ਨਵੀਆਂ ਸਹੂਲਤਾਂ ਨਾਲ ਮੌਤਾਂ ਨੂੰ ਰੋਕਣ ਦਾ ਯਤਨ ਕੀਤਾ ਜਾਵੇਗਾ। ਦੂਜੇ ਪਾਸੇ, ਲਿਬਰਲ ਪਾਰਟੀ ਦੀ ਆਗੂ ਬੌਨੀ ਕਰੌਂਬੀ ਨੇ ਕਿਹਾ ਕਿ ਜੇਕਰ ਸਾਈਟਾਂ ਬੰਦ ਕੀਤੀਆਂ ਜਾ ਰਹੀਆਂ ਹਨ, ਤਾਂ ਉਨ੍ਹਾਂ ਦੀ ਥਾਂ ਨਵੇਂ ਕੇਂਦਰ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ, ਨਹੀਂ ਤਾਂ ਐਡਿਕਸ਼ਨ ਅਤੇ ਮੈਂਟਲ ਹੈਲਥ ਦੇ ਮਾਮਲਿਆਂ ਵਿੱਚ ਸੰਕਟ ਪੈਦਾ ਹੋ ਸਕਦਾ ਹੈ। ਐਨ.ਡੀ.ਪੀ. ਨੇ ਵੀ ਸਰਕਾਰ ਦੇ ਇਸ ਫੈਸਲੇ ਉਤੇ ਨਾਰਾਜ਼ਗੀ ਵਿਅਕਤ ਕੀਤੀ ਹੈ, ਕਹਿੰਦੇ ਹੋਏ ਕਿ ਇਸ ਨਾਲ ਬੇਘਰ ਅਤੇ ਨਸ਼ਿਆਂ ਦੀ ਲਤ ਵਾਲੇ ਲੋਕਾਂ ਲਈ ਜ਼ਰੂਰੀ ਸਹੂਲਤਾਂ ਖਤਮ ਹੋ ਰਹੀਆਂ ਹਨ।