ਇਟੋਬੀਕੋ ਦੇ ਇੱਕ ਇਲਾਕੇ ਵਿੱਚ ਦੋ ਔਰਤਾਂ ਦੀਆਂ ਲਾਸ਼ਾਂ ਮਿਲਣ ਨਾਲ ਸਥਾਨਕ ਰਿਹਾਸ਼ੀਅਾਂ ਵਿੱਚ ਹੜਕੰਪ ਮਚ ਗਿਆ ਹੈ। ਟੋਰਾਂਟੋ ਪੁਲਿਸ ਇਸ ਘਟਨਾ ਦੇ ਸੰਬੰਧ ਵਿੱਚ 33 ਸਾਲ ਦੇ ਜੋਸਫ ਅਯਾਲਾ ਦੀ ਭਾਲ ਕਰ ਰਹੀ ਹੈ, ਜਿਸਦਾ ਕੱਦ 5 ਫੁੱਟ 11 ਇੰਚ ਹੈ ਅਤੇ ਉਸਦਾ ਸਿਰ ਗੰਜਾ ਹੈ। ਪੁਲਿਸ ਦੇ ਅਧਿਕਾਰੀਆਂ ਨੇ ਸੂਚਨਾ ਦਿੰਦਿਆਂ ਕਿਹਾ ਕਿ ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਪਰਿਵਾਰ ਦੇ ਇੱਕ ਮੈਂਬਰ ਨੇ ਸ਼ੱਕ ਹੋਣ ‘ਤੇ ਪੁਲਿਸ ਨੂੰ ਸੱਦਿਆ।
ਪੁਲਿਸ ਅਧਿਕਾਰੀਆਂ ਨੇ ਸ਼ੈਲਡਨ ਅਤੇ ਸਿਲਵਰਕ੍ਰੈਸਟ ਐਵੇਨਿਊ ਵਿਖੇ ਸਥਿਤ ਘਰ ਵਿੱਚ ਜਦੋਂ ਧਾਵਾ ਬੋਲਿਆ, ਤਾਂ ਉਨ੍ਹਾਂ ਨੇ ਦੋ ਔਰਤਾਂ ਨੂੰ ਗੰਭੀਰ ਜਖ਼ਮਾਂ ਨਾਲ ਪਾਇਆ, ਜੋ ਮੌਕੇ ‘ਤੇ ਹੀ ਮ੍ਰਿਤਕ ਘੋਸ਼ਿਤ ਕੀਤੀਆਂ ਗਈਆਂ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਇਹ ਔਰਤਾਂ ਕਿਵੇਂ ਜਖ਼ਮੀ ਹੋਈਆਂ ਅਤੇ ਉਨ੍ਹਾਂ ਦੀ ਪਛਾਣ ਜਾਂ ਉਮਰ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਪੁਲਿਸ ਨੇ ਜਨਤਾ ਨੂੰ ਸਚੇਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਇਸ ਸ਼ੱਕੀ ਦੇ ਬਾਰੇ ਜਾਣਕਾਰੀ ਮਿਲੇ ਤਾਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰੀ ਜਾਵੇ, ਕਿਉਂਕਿ ਉਹ ਖ਼ਤਰਨਾਕ ਹੋ ਸਕਦਾ ਹੈ।