GTA News Media

Top Info Bar
22.1°C Toronto Loading date...
Canada Punjab Toronto/GTA

ਕੈਨੇਡਾ ਦੇ ਲੋਕਾਂ ‘ਤੇ ਕਰਜ਼ੇ ਦਾ ਵੱਧਦਾ ਬੋਝ, ਕਰੈਡਿਟ ਕਾਰਡ ਕਰਜ਼ਾ 17 ਸਾਲਾਂ ਦੇ ਸਿਖਰ ‘ਤੇ

ਕੈਨੇਡਾ ਦੇ ਲੋਕਾਂ ‘ਤੇ ਕਰਜ਼ੇ ਦਾ ਵੱਧਦਾ ਬੋਝ, ਕਰੈਡਿਟ ਕਾਰਡ ਕਰਜ਼ਾ 17 ਸਾਲਾਂ ਦੇ ਸਿਖਰ ‘ਤੇ
Share this post via:

ਕੈਨੇਡਾ ਵਿੱਚ ਖਪਤਕਾਰਾਂ ‘ਤੇ ਚੜ੍ਹਦੇ ਕਰਜ਼ੇ ਦੀ ਰਕਮ ਹੁਣ ਢਾਈ ਖਰਬ ਡਾਲਰ ਤੋਂ ਪਾਰ ਹੋ ਗਈ ਹੈ। ਇਸ ਤੋਂ ਵੀ ਚੌਕਾਉਣ ਵਾਲੀ ਗੱਲ ਇਹ ਹੈ ਕਿ ਕਰੈਡਿਟ ਕਾਰਡ ਕਰਜ਼ਾ 17 ਸਾਲਾਂ ਵਿੱਚ ਆਪਣੇ ਸਭ ਤੋਂ ਉੱਚੇ ਪੱਧਰ 122 ਅਰਬ ਡਾਲਰ ‘ਤੇ ਪਹੁੰਚ ਗਿਆ ਹੈ। ਇਹ ਹਾਲਾਤ ਅਮਰੀਕਾ ਵਿੱਚ ਵੀ ਪਰੇਸ਼ਾਨੀ ਵਧਾ ਰਹੇ ਹਨ, ਜਿੱਥੇ ਪਰਵਾਰਾਂ ‘ਤੇ ਕਰਜ਼ਾ 17.7 ਖਰਬ ਡਾਲਰ ਤੱਕ ਪਹੁੰਚ ਗਿਆ ਹੈ ਅਤੇ ਕਰੈਡਿਟ ਕਾਰਡ ਕਰਜ਼ਾ 1.14 ਖਰਬ ਡਾਲਰ ਦਰਜ ਕੀਤਾ ਗਿਆ ਹੈ।

ਐਕੁਆਫੈਕਸ ਦੀ ਵਾਇਸ ਪ੍ਰੈਜ਼ੀਡੈਂਟ, ਰਿਬੇਕਾ ਓਕਸ, ਦੇ ਮੁਤਾਬਕ 2024 ਦੀ ਦੂਜੀ ਤਿਮਾਹੀ ਦੇ ਅੰਕੜੇ ਦਰਸਾਉਂਦੇ ਹਨ ਕਿ ਉੱਚੀਆਂ ਵਿਆਜ ਦਰਾਂ ਨੇ ਇਸ ਸਥਿਤੀ ਨੂੰ ਬਦਤਰ ਬਣਾਇਆ ਹੈ। ਮਾਰਚ 2022 ਤੋਂ ਬੈਂਕ ਆਫ ਕੈਨੇਡਾ ਨੇ 10 ਵਾਰ ਵਿਆਜ ਦਰਾਂ ‘ਚ ਵਾਧਾ ਕੀਤਾ, ਜਿਸ ਕਾਰਨ ਕਰਜ਼ੇ ਦੀ ਲਾਗਤ ਵੀ ਵਧ ਗਈ। ਹੁਣ ਜਦੋਂ ਕਿ ਮਹਿੰਗਾਈ ਕੁਝ ਹੱਦ ਤੱਕ ਘਟ ਰਹੀ ਹੈ, ਵਿਆਜ ਦਰਾਂ ਦੇ ਘਟਣ ਦੇ ਸੰਕੇਤ ਮਿਲ ਰਹੇ ਹਨ, ਪਰ ਹਾਲਾਤ ਨੂੰ ਕਾਬੂ ਵਿੱਚ ਆਉਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ।

ਕਾਨਫਰੰਸ ਬੋਰਡ ਆਫ ਕੈਨੇਡਾ ਦੇ ਚੀਫ ਇਕੌਨੋਮਿਸਟ ਪੈਡਰੋ ਐਂਟਿਊਨਜ਼ ਨੇ ਕਿਹਾ ਕਿ ਕਨੇਡੀਅਨ ਲੋਕਾਂ ਦੀ ਕਮਾਈ ਦਾ ਵੱਡਾ ਹਿੱਸਾ ਕਰਜ਼ੇ ਦੀਆਂ ਕਿਸ਼ਤਾਂ ‘ਚ ਹੀ ਨਿਕਲ ਜਾਂਦਾ ਹੈ, ਜਿਸ ਨਾਲ ਮਹੀਨੇ ਦੇ ਅਖੀਰ ਵਿੱਚ ਉਨ੍ਹਾਂ ਦੀਆਂ ਜੇਬਾਂ ਖਾਲੀ ਰਹਿੰਦੀਆਂ ਹਨ। ਇਹ ਆਰਥਿਕ ਦਬਾਅ ਹਰ ਵਰਗ ‘ਤੇ ਮਹਿਸੂਸ ਕੀਤਾ ਜਾ ਰਿਹਾ ਹੈ, ਅਤੇ ਇਸ ਦੇ ਸਿੱਟੇ ਆਉਣ ਵਾਲੇ ਕੁਝ ਹਫਤਿਆਂ ‘ਚ ਹੋਰ ਵੀ ਜ਼ਿਆਦਾ ਸਪੱਸ਼ਟ ਹੋਣਗੇ।

ਅਮਰੀਕਾ ਵਿੱਚ, 2023 ਵਿੱਚ ਇੱਕ ਪਰਵਾਰ ‘ਤੇ ਔਸਤਨ 1.04 ਲੱਖ ਡਾਲਰ ਦਾ ਕਰਜ਼ਾ ਰਿਪੋਰਟ ਕੀਤਾ ਗਿਆ ਸੀ, ਜਦਕਿ ਕਰੈਡਿਟ ਕਾਰਡ ਕਰਜ਼ਾ 6,500 ਡਾਲਰ ਤੱਕ ਸੀਮਤ ਰਿਹਾ। ਗੱਡੀਆਂ ਦੇ ਕਰਜ਼ੇ ਵੀ ਵੱਡੇ ਪੱਧਰ ‘ਤੇ ਹਨ, ਜਿੱਥੇ ਅਮਰੀਕੀ ਵਾਸੀਆਂ ‘ਤੇ 1.6 ਖਰਬ ਡਾਲਰ ਦਾ ਕਰਜ਼ਾ ਰਿਪੋਰਟ ਕੀਤਾ ਗਿਆ ਹੈ।

ਅਮਰੀਕੀ ਪਰਵਾਰਾਂ ‘ਤੇ ਕਰਜ਼ੇ ਦੀ ਇਸ ਬੋਝ ਦੇ ਵਿਚਕਾਰ, ਆਟੋ ਲੋਨ ਨੂੰ ਕੱਡ ਕੇ, ਹਰ ਅਮਰੀਕੀ ‘ਤੇ ਲਗਭਗ 24 ਹਜ਼ਾਰ ਡਾਲਰ ਦਾ ਕਰਜ਼ਾ ਬਣਦਾ ਹੈ। ਪਰਸਨਲ ਫਾਇਨੈਂਸ ਐਕਸਪਰਟ ਰੂਬੀਨਾ ਅਹਿਮਦ ਹੱਕ ਨੇ ਕਿਹਾ ਕਿ ਇਸ ਬੋਝ ਨੂੰ ਘਟਾਉਣ ਲਈ ਕਈ ਸਖ਼ਤ ਫੈਸਲੇ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ, ਬਿਨਾਂ ਲੋੜ ਵਾਲੀ ਖਰੀਦਾਰੀ ਨੂੰ ਰੋਕਿਆ ਜਾਣਾ ਚਾਹੀਦਾ ਹੈ ਅਤੇ ਬੱਚਤ ਨੂੰ ਮੁੱਖ ਧਿਆਨ ਵਿੱਚ ਰੱਖਦੇ ਹੋਏ ਹੀ ਖਰਚੇ ਕੀਤੇ ਜਾਣ। ਜਿਹੜੀਆਂ ਚੀਜ਼ਾਂ ਦੀ ਲੋੜ ਨਹੀਂ, ਉਹ ਖਰੀਦਣ ਤੋਂ ਗੁਰੇਜ਼ ਕਰੋ ਅਤੇ ਹਵਾਈ ਸਫ਼ਰ ਦੀ ਬਜਾਏ ਸੜਕ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾਓ।