GTA News Media

Top Info Bar
22.1°C Toronto Loading date...
Canada Crime Punjab

ਅਮਰੀਕਾ-ਕੈਨੇਡਾ ਸਰਹੱਦ ‘ਤੇ 37 ਲੱਖ ਡਾਲਰ ਦੀ ਕੋਕੀਨ ਸਣੇ 2 ਪੰਜਾਬੀ ਟਰੱਕ ਡਰਾਈਵਰ ਕਾਬੂ

ਅਮਰੀਕਾ-ਕੈਨੇਡਾ ਸਰਹੱਦ ‘ਤੇ 37 ਲੱਖ ਡਾਲਰ ਦੀ ਕੋਕੀਨ ਸਣੇ 2 ਪੰਜਾਬੀ ਟਰੱਕ ਡਰਾਈਵਰ ਕਾਬੂ
Share this post via:

ਅਮਰੀਕਾ-ਕੈਨੇਡਾ ਸਰਹੱਦ ‘ਤੇ ਇੱਕ ਵੱਡੀ ਕਾਰਵਾਈ ਵਿੱਚ, ਦੋ ਪੰਜਾਬੀ ਟਰੱਕ ਡਰਾਈਵਰਾਂ ਨੂੰ 37 ਲੱਖ 50 ਹਜ਼ਾਰ ਡਾਲਰ ਮੁੱਲ ਦੀ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਨੇ ਬਲੂ ਵਾਟਰ ਬ੍ਰਿਜ ‘ਤੇ ਇਹ ਅਹਿਮ ਗ੍ਰਿਫ਼ਤਾਰੀ ਕੀਤੀ। ਟਰੱਕ ਦੀ ਤਲਾਸ਼ੀ ਦੌਰਾਨ, 115 ਪੈਕਟ ਕੋਕੀਨ ਬਰਾਮਦ ਕੀਤੀ ਗਈ, ਜਿਸ ਦਾ ਕੁੱਲ ਵਜ਼ਨ 275 ਪਾਊਂਡ ਸੀ। ਇਸ ਦੌਰਾਨ, ਟਰੱਕ ਵਿਚ ਮੌਜੂਦ ਦੋ ਸ਼ਖਸਾਂ ਦੀ ਪਛਾਣ ਇਕਬਾਲ ਸਿੰਘ ਵਿਰਕ ਅਤੇ ਰਣਜੀਤ ਸਿੰਘ ਵਜੋਂ ਕੀਤੀ ਗਈ।

ਪੁਲਿਸ ਦੀ ਜਾਂਚ ਦੌਰਾਨ ਇਕਬਾਲ ਸਿੰਘ ਵਿਰਕ ਨੇ ਦੱਸਿਆ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਟਰੱਕ ਡਰਾਈਵਿੰਗ ਕਰ ਰਿਹਾ ਹੈ ਅਤੇ ਅਕਸਰ ਅਮਰੀਕਾ-ਕੈਨੇਡਾ ਦਾ ਸਫ਼ਰ ਕਰਦਾ ਹੈ। ਜ਼ਿਆਦਾਤਰ ਉਹ ਹਫ਼ਤੇ ਵਿਚ ਇੱਕ ਵਾਰ ਅਮਰੀਕਾ ਦਾ ਫੇਰਾ ਲਗਾ ਲੈਂਦਾ ਹੈ। ਅਧਿਕਾਰੀਆਂ ਨੇ ਇੱਕ ਸੈਲਫੋਨ ਵੀ ਬਰਾਮਦ ਕੀਤਾ ਹੈ, ਜੋ ਟਰੱਕ ਵਿਚ ਇਕ ਲੁਕਵੇਂ ਕੰਪਾਰਟਮੈਂਟ ਨੂੰ ਖੋਲ੍ਹਣ ਅਤੇ ਬੰਦ ਕਰਨ ਲਈ ਵਰਤਿਆ ਜਾਂਦਾ ਸੀ।

ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਦੋਵੇਂ ਟਰੱਕ ਡਰਾਈਵਰ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਇਸ ਮਾਮਲੇ ਵਿੱਚ ਦੋਨੋਂ ‘ਤੇ ਤਸਕਰੀ ਦੇ ਇਰਾਦੇ ਨਾਲ ਨਸ਼ੀਲਾ ਪਦਾਰਥ ਰੱਖਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।

ਇਸ ਤਰ੍ਹਾਂ ਦੀ ਗ੍ਰਿਫ਼ਤਾਰੀ ਪਹਿਲੀ ਵਾਰ ਨਹੀਂ ਹੋਈ ਹੈ। ਪਿਛਲੇ ਸਾਲ 60 ਸਾਲਾ ਰਾਜ ਕੁਮਾਰ ਮਹਿਮੀ ਨੂੰ 80 ਕਿਲੋ ਕੋਕੀਨ ਤਸਕਰੀ ਦੇ ਮਾਮਲੇ ਵਿੱਚ 15 ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਉਸ ਦੌਰਾਨ ਉਹ ਭਾਰਤ ਫ਼ਰਾਰ ਹੋ ਗਿਆ ਸੀ।

ਇਕ ਹੋਰ ਗ੍ਰਿਫ਼ਤਾਰੀ ਦਸੰਬਰ 2023 ਵਿਚ ਬਰੈਂਪਟਨ ਦੇ ਮਨਪ੍ਰੀਤ ਸਿੰਘ ਦੀ ਹੋਈ, ਜਿਸ ਨੂੰ ਬਲੂ ਵਾਟਰ ਬ੍ਰਿਜ ‘ਤੇ 100 ਪਾਊਂਡ ਸ਼ੱਕੀ ਕੋਕੀਨ ਸਮੇਤ ਕਾਬੂ ਕੀਤਾ ਗਿਆ। ਇਹਨਾਂ ਸਾਰੇ ਮਾਮਲਿਆਂ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਦੇ ਅਧਿਕਾਰੀ ਮੁਸਤੈਦੀ ਨਾਲ ਨਜ਼ਰ ਰੱਖਦੇ ਹਨ।

ਸਾਲ 2023 ਵਿਚ, ਕੈਨੇਡਾ ਦੇ ਸਟੇਟਿਸਟਿਕਸ ਦੇ ਅੰਕੜਿਆਂ ਮੁਤਾਬਕ, ਜਨਵਰੀ ਤੋਂ ਅਕਤੂਬਰ ਤੱਕ 1,300 ਕਿਲੋ ਨਸ਼ੀਲੇ ਪਦਾਰਥ ਕਬਜ਼ੇ ਵਿਚ ਲਏ ਗਏ ਹਨ। ਇਹਨਾਂ ਵਿੱਚੋਂ ਬਹੁਤੇ ਮੈਕਸੀਕੋ ਤੋਂ ਆਉਂਦੇ ਹਨ ਅਤੇ ਟਰੱਕ ਡਰਾਈਵਰਾਂ ਨੂੰ ਲਾਲਚ ਦੇ ਕੇ ਇਹ ਨਸ਼ੇ ਕੈਨੇਡਾ ਤੱਕ ਪਹੁੰਚਾਏ ਜਾਂਦੇ ਹਨ।

ਹਾਲ ਹੀ ਵਿੱਚ, ਕੈਲਗਰੀ ਦੇ ਸ਼ੁਭਮ ਕੁਮਾਰ, ਬਰੈਂਪਟਨ ਦੇ ਗੁਰਅੰਮ੍ਰਿਤ ਸਿੱਧੂ ਅਤੇ ਆਯੁਸ਼ ਸ਼ਰਮਾ ਦੇ ਅਮਰੀਕਾ ਨੂੰ ਹਵਾਲੇ ਕਰਨ ਦੀ ਮੰਗ ਕੀਤੀ ਗਈ ਸੀ। ਇਹ ਸਾਰੇ ਗੈਰਕਾਨੂੰਨੀ ਤਸਕਰੀ ਵਿੱਚ ਸ਼ਾਮਲ ਸਨ। ਇੱਕ ਹੋਰ ਵੱਡੇ ਮਾਮਲੇ ਵਿੱਚ, ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿਖੇ ਡੇਢ ਟਨ ਸ਼ੱਕੀ ਕੋਕੀਨ ਬਰਾਮਦ ਕੀਤੀ ਗਈ, ਜਿਸ ਦੀ ਕੀਮਤ 19 ਕਰੋੜ ਡਾਲਰ ਤੋਂ ਵੱਧ ਅੰਦਾਜ਼ੀਤ ਕੀਤੀ ਗਈ ਹੈ।