7 ਅਕਤੂਬਰ, 2023 ਨੂੰ ਇਜ਼ਰਾਈਲ ‘ਤੇ ਸਭ ਤੋਂ ਵੱਡਾ ਹਮਲਾ ਹੋਇਆ, ਜਿਸ ਨੇ ਇਤਿਹਾਸਕ ਪੱਧਰ ‘ਤੇ ਨੁਕਸਾਨ ਪਹੁੰਚਾਇਆ। ਇਹ ਹਮਲਾ ਹਮਾਸ ਦੇ ਫਲਸਤੀਨੀ ਕੱਟੜਪੰਥੀ ਸਮੂਹ ਵੱਲੋਂ ਸਵੇਰੇ 6:30 ਵਜੇ ਕੀਤਾ ਗਿਆ, ਜਿਸ ਵਿੱਚ ਲਗਭਗ 5,000 ਰਾਕੇਟ ਦਾਖ਼ਿਲ ਕੀਤੇ ਗਏ ਅਤੇ ਇਸ ਦੇ ਨਾਲ ਸੈਂਕੜੇ ਹਮਾਸ ਦੇ ਲੜਾਕੂ ਇਜ਼ਰਾਈਲ ਵਿਚ ਘੁਸ ਕੇ ਸਿੱਧੇ ਨਿਸ਼ਾਨਿਆਂ ‘ਤੇ ਹਮਲੇ ਕਰਨ ਲੱਗ ਪਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇਜ਼ਰਾਈਲ ਦੇ ਲੋਕ ਧਾਰਮਿਕ ਤਿਉਹਾਰ ਸੁਕੋਟ ਮਨਾ ਰਹੇ ਸਨ।
ਇਸ ਹਮਲੇ ਵਿੱਚ 1,200 ਤੋਂ ਵੱਧ ਇਜ਼ਰਾਈਲੀ ਮਾਰੇ ਗਏ ਅਤੇ 251 ਲੋਕ ਹਮਾਸ ਦੇ ਲੜਾਕਿਆਂ ਵੱਲੋਂ ਬੰਧਕ ਬਣਾਏ ਗਏ। ਹਮਾਸ ਨੇ ਇਸ ਹਮਲੇ ਨੂੰ “ਫਲੱਡ ਆਫ ਅਲ-ਅਕਸਾ” ਦਾ ਨਾਂ ਦਿੱਤਾ। ਇਸ ਹਮਲੇ ਨੇ ਇਜ਼ਰਾਈਲ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ, ਅਤੇ ਇਹ ਹਮਲਾ ਸਿਰਫ਼ ਸੈਰ-ਸਪਾਟੇ ਵਾਲੇ ਹਲਕੇ ਹੀ ਨਹੀਂ, ਸੂਬੇ ਦੀ ਸੁਰੱਖਿਆ ਨੂੰ ਵੀ ਹਿਲਾ ਕੇ ਰੱਖ ਗਿਆ।
ਇਜ਼ਰਾਈਲ ਨੇ 8 ਅਕਤੂਬਰ ਨੂੰ ਜਵਾਬੀ ਹਵਾਈ ਹਮਲਾ ਕਰਕੇ “ਸਵੋਰਡਜ਼ ਆਫ ਆਇਰਨ” ਨਾਂ ਨਾਲ ਆਪਰੇਸ਼ਨ ਸ਼ੁਰੂ ਕੀਤਾ। ਇਜ਼ਰਾਈਲ ਨੇ ਗਾਜ਼ਾ ਦੀ ਪੂਰੀ ਤਰ੍ਹਾਂ ਘੇਰਾਬੰਦੀ ਕਰਕੇ ਇਸ ਦੇ ਉੱਤਰੀ ਹਿੱਸੇ ਵਿੱਚ ਰਹਿੰਦੇ 1.5 ਮਿਲੀਅਨ ਲੋਕਾਂ ਨੂੰ ਘਰ ਖਾਲੀ ਕਰਨ ਦਾ ਹੁਕਮ ਦਿੱਤਾ। ਇਸ ਹਮਲੇ ਦੇ ਬਾਅਦ ਸਾਲ ਭਰ ਦੀਆਂ ਲੜਾਈਆਂ ਦੇ ਨਤੀਜੇ ਵੱਖ-ਵੱਖ ਥਾਵਾਂ ‘ਤੇ ਵੇਖੇ ਜਾ ਰਹੇ ਹਨ।
ਗਾਜ਼ਾ ਵਿਚ 70 ਫੀਸਦੀ ਇਮਾਰਤਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ। ਇਜ਼ਰਾਈਲੀ ਹਮਲਿਆਂ ਕਾਰਨ ਹੁਣ ਤੱਕ 42 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿੱਚ 16,765 ਬੱਚੇ ਵੀ ਸ਼ਾਮਲ ਹਨ। ਲਗਭਗ 98 ਹਜ਼ਾਰ ਲੋਕ ਜ਼ਖ਼ਮੀ ਹੋਏ ਹਨ ਅਤੇ 10 ਹਜ਼ਾਰ ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਦੂਜੇ ਪਾਸੇ, 1,139 ਇਜ਼ਰਾਈਲੀ ਵੀ ਆਪਣੀਆਂ ਜਾਨ ਗੁਆ ਚੁੱਕੇ ਹਨ ਅਤੇ 8,730 ਜ਼ਖ਼ਮੀ ਹਨ। ਇਸ ਦੌਰਾਨ 125 ਤੋਂ ਵੱਧ ਪੱਤਰਕਾਰ ਵੀ ਮਾਰੇ ਗਏ ਹਨ।
ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਇਜ਼ਰਾਈਲੀ ਹਮਲਿਆਂ ਨੇ ਗਾਜ਼ਾ ਦੀਆਂ 80% ਵਪਾਰਕ ਸਹੂਲਤਾਂ ਅਤੇ 87% ਸਕੂਲ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ ਹੈ। 175,000 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਹੋਇਆ ਹੈ, ਅਤੇ 68% ਸੜਕਾਂ ਦਾ ਨੈੱਟਵਰਕ ਤਬਾਹ ਹੋ ਗਿਆ ਹੈ। ਖੇਤੀਯੋਗ 68% ਜ਼ਮੀਨ ਵੀ ਬੰਜਰ ਹੋ ਚੁੱਕੀ ਹੈ।
ਇਸ ਜੰਗ ਕਾਰਨ ਗਾਜ਼ਾ ਦੀ ਆਰਥਿਕਤਾ ਵਿੱਚ ਵੀ ਵੱਡਾ ਨੁਕਸਾਨ ਹੋਇਆ ਹੈ। ਇਲਾਕੇ ਦੀ ਜੀਡੀਪੀ ‘ਚ 81% ਦੀ ਗਿਰਾਵਟ ਆਈ ਹੈ ਅਤੇ ਲਗਭਗ 2 ਲੱਖ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। 20 ਲੱਖ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਪਏ ਹਨ, ਅਤੇ 85 ਹਜ਼ਾਰ ਮਜ਼ਦੂਰ ਆਪਣੀਆਂ ਨੌਕਰੀਆਂ ਗਵਾ ਚੁੱਕੇ ਹਨ।
ਇਜ਼ਰਾਇਲੀ ਹਵਾਈ ਹਮਲਿਆਂ ਕਾਰਨ ਗਾਜ਼ਾ ਵਿਚ 42 ਮਿਲੀਅਨ ਟਨ ਮਲਬਾ ਜਮ੍ਹਾਂ ਹੋ ਗਿਆ ਹੈ, ਜਿਸਨੂੰ ਸਾਫ਼ ਕਰਨ ‘ਚ ਕਈ ਸਾਲ ਲੱਗ ਸਕਦੇ ਹਨ ਅਤੇ ਇਸ ਦੀ ਲਾਗਤ ਲਗਭਗ 700 ਮਿਲੀਅਨ ਡਾਲਰ ਹੋ ਸਕਦੀ ਹੈ।