GTA News Media

Top Info Bar
22.1°C Toronto Loading date...
Canada Punjab Toronto/GTA World

ਕੈਨੇਡਾ ‘ਚ ਨੌਕਰੀਆਂ ਦੀਆਂ ਹਾਲਾਤ ਬਾਰੇ ਨਵਾਂ ਸਰਵੇਖਣ: 25% ਕਾਮੇ ਗਿਗ ਵਰਕਰ ਵਜੋਂ ਮਜਬੂਰ

ਕੈਨੇਡਾ ‘ਚ ਨੌਕਰੀਆਂ ਦੀਆਂ ਹਾਲਾਤ ਬਾਰੇ ਨਵਾਂ ਸਰਵੇਖਣ: 25% ਕਾਮੇ ਗਿਗ ਵਰਕਰ ਵਜੋਂ ਮਜਬੂਰ
Share this post via:

ਕੈਨੇਡਾ ਵਿੱਚ ਨੌਕਰੀਆਂ ਦੀ ਕਮੀ ਅਤੇ ਵਧਦੇ ਖ਼ਰਚਿਆਂ ਦੇ ਚਲਦੇ, ਇੱਕ ਨਵਾਂ ਸਰਵੇਖਣ ਇਹ ਦਰਸਾਉਂਦਾ ਹੈ ਕਿ ਕਨੇਡੀਅਨ ਕਾਮਿਆਂ ਵਿਚੋਂ ਚੌਥਾਈ ਹਿੱਸਾ ਗਿਗ ਵਰਕਰਾਂ ਵਜੋਂ ਕੰਮ ਕਰ ਰਹੇ ਹਨ। ਗਿਗ ਵਰਕ ਵਿੱਚ ਰਾਈਡ-ਸ਼ੇਅਰਿੰਗ, ਪਾਰਸਲ ਡਿਲੀਵਰੀ ਅਤੇ ਹੋਰ ਛੋਟੇ-ਛੋਟੇ ਕੰਮ ਸ਼ਾਮਲ ਹਨ। ਵਿਸ਼ੇਸ਼ ਤੌਰ ‘ਤੇ ਪੰਜਾਬ ਤੋਂ ਨਵੇਂ ਆਏ ਨੌਜਵਾਨ ਵੀ ਅਜਿਹੇ ਕੰਮਾਂ ਲਈ ਮਜਬੂਰ ਹਨ।

ਇੱਕ ਸੀ.ਬੀ.ਸੀ. ਦੇ ਸਰਵੇਖਣ ਮੁਤਾਬਕ, 18 ਤੋਂ 34 ਸਾਲ ਉਮਰ ਦੇ 30% ਨੌਜਵਾਨ ਗਿਗ ਵਰਕਰ ਵਜੋਂ ਕੰਮ ਕਰ ਰਹੇ ਹਨ, ਜਦਕਿ 35 ਤੋਂ 54 ਸਾਲ ਦੇ ਕਾਮਿਆਂ ਵਿੱਚ ਇਹ ਅੰਕੜਾ 23% ਹੈ। ਇਸ ਤੋਂ ਵੱਧ ਉਮਰ ਵਾਲਿਆਂ ਵਿੱਚ, ਸਿਰਫ 16% ਗਿਗ ਵਰਕਰ ਵਜੋਂ ਕੰਮ ਕਰਦੇ ਹਨ।

ਹੋਰ ਰਿਪੋਰਟਾਂ ਵਿੱਚ ਦਰਸਾਇਆ ਗਿਆ ਹੈ ਕਿ ਗਿਗ ਵਰਕ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਦੱਖਣੀ ਏਸ਼ੀਆ ਜਾਂ ਅਫਰੀਕੀ ਮੂਲ ਦੇ ਹਨ, ਜਦਕਿ ਸਫੈਦ ਚਮੜੀ ਵਾਲੇ 20% ਹੀ ਹਨ।

ਕਈ ਗਿਗ ਵਰਕਰਾਂ ਨੇ ਦੱਸਿਆ ਕਿ ਉਹ ਆਪਣੀ ਮੁੱਖ ਨੌਕਰੀ ਨਾਲ ਆਪਣੇ ਖ਼ਰਚੇ ਪੂਰੇ ਨਹੀਂ ਕਰ ਸਕਦੇ, ਇਸ ਕਰਕੇ ਗਿਗ ਵਰਕ ਜਿਵੇਂ ਫ੍ਰੀਲਾਂਸ ਜਾਂ ਪ੍ਰੌਜੈਕਟ ਆਧਾਰਿਤ ਕੰਮ ਕਰਦੇ ਹਨ। ਵੈਨਕੂਵਰ ਦੀ ਗ੍ਰਾਫਿਕ ਡਿਜ਼ਾਈਨਰ ਚੈਰਿਲ ਲੋਹ ਨੇ ਕਿਹਾ ਕਿ ਉਹ ਵਧੇਰੇ ਆਜ਼ਾਦੀ ਅਤੇ ਵਾਧੂ ਕਮਾਈ ਲਈ ਰਵਾਇਤੀ ਨੌਕਰੀ ਦੀ ਥਾਂ ਫ਼੍ਰੀਲਾਂਸ ਕਰਨਾ ਚੁਣਦੀ ਹੈ। ਇਹ ਤਰੀਕਾ ਉਸ ਲਈ ਵਧੇਰੇ ਲਾਹੇਵੰਦ ਹੈ ਕਿਉਂਕਿ ਉਸਨੂੰ ਆਪਣੇ ਕੰਮ ਦਾ ਸਮਾਂ ਆਪ ਤੈਅ ਕਰਨ ਦਾ ਮੌਕਾ ਮਿਲਦਾ ਹੈ।

ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, ਗਿਗ ਵਰਕਰ ਉਹ ਹੁੰਦੇ ਹਨ ਜੋ ਲਚੀਲੇ ਕਾਰਜ ਸਮਝੌਤਿਆਂ ਦੇ ਅਧੀਨ ਕੰਮ ਕਰਦੇ ਹਨ। ਇਹ ਛੋਟੇ ਸਮੇਂ ਦੇ ਸਮਝੌਤੇ ਹੁੰਦੇ ਹਨ ਜੋ ਜ਼ਿਆਦਾਤਰ ਮੋਬਾਈਲ ਐਪਸ ਰਾਹੀਂ ਹੁੰਦੇ ਹਨ। ਇਸ ਸਰਵੇਖਣ ‘ਚ 1500 ਤੋਂ ਵੱਧ ਕਨੇਡੀਅਨ ਕਾਮਿਆਂ ਨੇ ਹਿੱਸਾ ਲਿਆ, ਜਿਸ ਵਿਚੋਂ ਬਹੁਤੇ ਲੋਕਾਂ ਨੇ ਦੱਸਿਆ ਕਿ ਉਹ ਆਪਣੀ ਮੁੱਖ ਨੌਕਰੀ ਤੋਂ ਇਲਾਵਾ ਵਾਧੂ ਆਮਦਨ ਲਈ ਗਿਗ ਵਰਕ ਕਰਦੇ ਹਨ।

ਇਹ ਨਤੀਜੇ ਦਰਸਾਉਂਦੇ ਹਨ ਕਿ ਕਈ ਲੋਕਾਂ ਨੂੰ ਆਪਣੀ ਆਰਥਿਕ ਹਾਲਤ ਮਜ਼ਬੂਤ ਕਰਨ ਲਈ ਵਾਧੂ ਕੰਮ ਕਰਨਾ ਪੈਂਦਾ ਹੈ। 30% ਗਿਗ ਵਰਕਰਾਂ ਨੇ ਸਲਾਹਕਾਰ ਸੇਵਾਵਾਂ ਜਿਵੇਂ ਫੋਟੋਗ੍ਰਾਫੀ ਜਾਂ ਗ੍ਰਾਫਿਕ ਡਿਜ਼ਾਈਨਿੰਗ ਚੁਣੀ ਹੈ, ਜਦਕਿ 26% ਲੋਕ ਪਾਰਸਲ ਡਿਲੀਵਰੀ ਸੇਵਾਵਾਂ ਦੇ ਨਾਲ ਜੁੜੇ ਹਨ।

ਇਹ ਵੀ ਪਤਾ ਲੱਗਾ ਕਿ ਕਈ ਗਿਗ ਵਰਕਰਾਂ ਨੂੰ ਆਪਣੀ ਮੁੱਖ ਨੌਕਰੀ ‘ਚ ਸਾਲਾਨਾ ਇਕ ਲੱਖ ਡਾਲਰ ਤੋਂ ਵੱਧ ਕਮਾਉਣ ਦੇ ਬਾਵਜੂਦ ਵੀ ਵਾਧੂ ਕੰਮ ਦੀ ਲੋੜ ਪੈਂਦੀ ਹੈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਮਾਹਰ ਸਿਲਵੀਆ ਫੂਲਰ ਨੇ ਕਿਹਾ ਕਿ ਵਧਦੇ ਖ਼ਰਚਿਆਂ ਦੇ ਕਾਰਨ ਲੋਕ ਵਾਧੂ ਕੰਮ ਕਰਦੇ ਹਨ।

ਇੰਪਲਾਇਰਜ਼ ਵੀ ਅਜਿਹੇ ਲੋਕਾਂ ਨੂੰ ਪੱਕੇ ਨੌਕਰ ਰੱਖਣ ਦੀ ਥਾਂ ਆਰਜ਼ੀ ਠੇਕਿਆਂ ‘ਤੇ ਕੰਮ ਕਰਵਾਉਣ ਨੂੰ ਤਰਜੀਹ ਦਿੰਦੇ ਹਨ, ਜਿਸ ਨਾਲ ਪੱਕੇ ਨੌਕਰੀਆਂ ਦੀ ਘਾਟ ਹੋ ਰਹੀ ਹੈ।