ਕੈਨੇਡੀਅਨ ਅਰਥਚਾਰੇ ਨੂੰ 47,000 ਨਵੀਆਂ ਨੌਕਰੀਆਂ ਦੇ ਨਾਲ ਮਿਲਿਆ ਹੁਲਾਰਾ
ਕੈਨੇਡਾ ਦੀ ਅਰਥਵਿਵਸਥਾ ਨੂੰ ਸਤੰਬਰ ਦੇ ਮਹੀਨੇ ਵਿਚ ਇੱਕ ਵੱਡਾ ਹੁਲਾਰਾ ਮਿਲਿਆ ਜਦੋਂ 47,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ ਘਟ ਕੇ 6.5 ਫੀਸਦੀ ‘ਤੇ ਆ ਗਈ। ਇਹ ਕਮੀ ਮਈ 2022 ਤੋਂ ਬਾਅਦ ਫੁੱਲ-ਟਾਈਮ ਨੌਕਰੀਆਂ ਵਿਚ ਹੋਏ ਸਭ ਤੋਂ ਤੇਜ਼ ਵਾਧੇ ਦੇ ਰੂਪ ਵਿਚ ਦਰਜ ਕੀਤੀ ਗਈ। ਇਸ ਸਾਲ ਦੇ ਜਨਵਰੀ ਤੋਂ ਬਾਅਦ ਪਹਿਲੀ ਵਾਰ ਬੇਰੁਜ਼ਗਾਰੀ ਦਰ ਵਿੱਚ ਇਹ ਵਾਧਾ ਰੁਕਿਆ ਅਤੇ ਕਮੀ ਆਈ। ਪਿਛਲੇ 18 ਮਹੀਨਿਆਂ ਤੋਂ ਬੇਰੁਜ਼ਗਾਰੀ ਦਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ, ਜਿਸ ਕਾਰਨ ਅਗਸਤ ਵਿਚ ਇਹ 6.6 ਫੀਸਦੀ ਤੱਕ ਚਲੀ ਗਈ ਸੀ।
ਬੈਂਕ ਆਫ਼ ਮੌਂਟਰੀਅਲ ਦੇ ਮੁਖੀ ਆਰਥਿਕ ਮਾਹਰ ਡਗਲਸ ਪੋਰਟਰ ਦਾ ਕਹਿਣਾ ਹੈ ਕਿ ਰੁਜ਼ਗਾਰ ਨਾਲ ਜੁੜੇ ਅੰਕੜੇ ਹਮੇਸ਼ਾ ਹੇਠਾਂ ਉੱਪਰ ਹੁੰਦੇ ਰਹਿੰਦੇ ਹਨ, ਇਸ ਲਈ ਸਿਰਫ ਇੱਕ ਮਹੀਨੇ ਦੇ ਅੰਕੜਿਆਂ ਦੇ ਆਧਾਰ ‘ਤੇ ਆਰਥਿਕ ਹਾਲਾਤ ਬਾਰੇ ਪੂਰੀ ਤਸਵੀਰ ਬਣਾਉਣਾ ਠੀਕ ਨਹੀਂ ਹੈ। ਫਿਰ ਵੀ ਨਵੀਆਂ ਨੌਕਰੀਆਂ ਦਾ ਇਹ ਵੱਡਾ ਅੰਕੜਾ ਅਰਥਚਾਰੇ ਵਿਚ ਸਧਾਰ ਦੇ ਸੰਕੇਤ ਦਿੰਦਾ ਹੈ।
ਦੂਜੇ ਪਾਸੇ, ਸੀ.ਆਈ.ਬੀ.ਸੀ. ਦੀ ਆਰਥਿਕ ਮਾਹਰ ਕੈਥਰੀਨ ਜੱਜ ਨੇ ਕਿਹਾ ਕਿ ਜਦੋਂ ਕਿ ਨੌਕਰੀਆਂ ਦੀ ਗਿਣਤੀ ਵਧੀ ਹੈ, ਕੰਮ ਦੇ ਕੁੱਲ ਘੰਟਿਆਂ ਵਿੱਚ 0.4 ਫੀਸਦੀ ਦੀ ਮਾਮੂਲੀ ਕਮੀ ਵੀ ਹੋਈ ਹੈ, ਜੋ ਕਿ ਕੁਝ ਚਿੰਤਾਜਨਕ ਹੈ।
ਮਾਹਰਾਂ ਨੇ ਇਹ ਵੀ ਨੋਟ ਕੀਤਾ ਕਿ ਸਤੰਬਰ ਦੇ ਮਹੀਨੇ ਵਿੱਚ ਅਕਸਰ ਬੇਰੁਜ਼ਗਾਰੀ ਦਰ ਘਟਦੀ ਹੈ ਕਿਉਂਕਿ ਸਕੂਲੀ ਸਾਲ ਸ਼ੁਰੂ ਹੁੰਦਾ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਆਪਣੀਆਂ ਨੌਕਰੀਆਂ ਛੱਡ ਦੇਂਦੇ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 25 ਤੋਂ 54 ਸਾਲ ਦੀ ਉਮਰ ਵਾਲੇ ਲੋਕਾਂ ਨੇ ਇਸ ਦੌਰਾਨ ਸਭ ਤੋਂ ਵੱਧ ਨਵੀਆਂ ਨੌਕਰੀਆਂ ਪ੍ਰਾਪਤ ਕੀਤੀਆਂ ਹਨ।
ਕੈਨੇਡਾ ਵਿੱਚ ਮਹਿੰਗਾਈ ਦਰ ਪਹਿਲਾਂ ਹੀ 2 ਫੀਸਦੀ ‘ਤੇ ਆ ਗਈ ਹੈ, ਅਤੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਕੀਤੇ ਜਾਣ ਦੇ ਆਸਾਰ ਹਨ, ਜਿਸ ਨਾਲ ਅਰਥਚਾਰੇ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ। ਅਮਰੀਕਾ ਵਿੱਚ ਵੀ ਵਿਆਜ ਦਰਾਂ ਵਿੱਚ ਅੱਧਾ ਫੀਸਦੀ ਦੀ ਕਮੀ ਕੀਤੀ ਜਾ ਚੁਕੀ ਹੈ, ਜਿਸ ਦੇ ਨਤੀਜੇ ਵਿੱਚ ਕੈਨੇਡਾ ਵਿੱਚ ਵੀ ਵਿਆਜ ਦਰਾਂ ‘ਚ ਇਹੋ ਜਿਹਾ ਵਾਧਾ ਦੀ ਉਮੀਦ ਹੈ।
ਨਵੀਆਂ ਨੌਕਰੀਆਂ ਅਤੇ ਉਜਰਤਾਂ ਵਿੱਚ ਵਾਧੇ ਦੇ ਅਨੁਸਾਰ, ਸਾਲਾਨਾ ਅਧਾਰ ‘ਤੇ 4.6 ਫੀਸਦੀ ਦਾ ਵਾਧਾ ਦਰਜ ਹੋਇਆ ਹੈ, ਜੋ ਕਿ ਅਗਸਤ ਵਿੱਚ 5 ਫੀਸਦੀ ਸੀ। ਇਸੇ ਦੌਰਾਨ, ਅਫਰੀਕੀ ਮੂਲ ਦੇ ਕੈਨੇਡੀਅਨਜ਼ ਵਿੱਚ ਬੇਰੁਜ਼ਗਾਰੀ ਦਰ 11 ਫੀਸਦੀ ਰਹੀ, ਜਦਕਿ ਸਾਊਥ ਏਸ਼ੀਆਈਆਂ ਵਿੱਚ ਇਹ 7.3 ਫੀਸਦੀ ਰਹੀ। ਗੋਰੇ ਕੈਨੇਡੀਅਨਜ਼ ਵਿੱਚ ਇਹ ਦਰ ਸਭ ਤੋਂ ਘੱਟ 4.4 ਫੀਸਦੀ ਦਰਜ ਕੀਤੀ ਗਈ।