ਟੋਰਾਂਟੋ ਪੁਲਿਸ ਨੇ ਸਕਾਰਬ੍ਰੋ ਦੀ ਮਸਜਿਦ ‘ਚ ਦਾਖਲ ਹੋ ਕੇ ਲੋਕਾਂ ਨੂੰ ਧਮਕੀਆਂ ਦੇਣ ਵਾਲੇ 41 ਸਾਲਾ ਰੌਬਿਨ ਲੈਕਾਟੌਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ 10 ਅਕਤੂਬਰ ਨੂੰ ਸਵੇਰੇ ਨਮਾਜ਼ ਤੋਂ ਬਾਅਦ ਵਾਪਰੀ ਜਦੋਂ ਲੈਕਾਟੌਸ ਨੇ ਮਸਜਿਦ ਵਿਚ ਦਾਖਲ ਹੋ ਕੇ ਨਸਲੀ ਨਫ਼ਰਤ ਵਾਲੀਆਂ ਟਿੱਪਣੀਆਂ ਕਰਦਿਆਂ ਇਮਾਮ ਅਤੇ ਹੋਰ ਹਾਜ਼ਿਰ ਲੋਕਾਂ ਨੂੰ ਮੌਤ ਦੀਆਂ ਧਮਕੀਆਂ ਦਿੱਤੀਆਂ। ਮਸਜਿਦ ਵਿੱਚ ਦਾਖਲ ਹੋਣ ਤੋਂ ਪਹਿਲਾਂ ਸ਼ੱਕੀ ਸ਼ਾਂਤ ਸੀ, ਪਰ ਅੰਦਰ ਆਉਂਦਿਆਂ ਹੀ ਉਸ ਨੇ ਇਮਾਮ ਵੱਲ ਹੱਥ ਕਰਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਹਲਾਤ ਨੂੰ ਸੰਭਾਲਦਿਆਂ ਉਸਨੂੰ ਮਸਜਿਦ ਤੋਂ ਬਾਹਰ ਕੱਢ ਦਿੱਤਾ।
ਸ਼ੱਕੀ ਦੀ ਗ੍ਰਿਫ਼ਤਾਰੀ ਮੌਤ ਦੀ ਧਮਕੀ ਅਤੇ ਹੈਰਾਸਮੈਂਟ ਦੇ ਦੋਸ਼ਾਂ ਹੇਠ ਹੋਈ ਹੈ। ਕੈਨੇਡੀਅਨ ਮੁਸਲਿਮਾਂ ਦੀ ਨੈਸ਼ਨਲ ਕੌਂਸਲ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਹਾਲਾਂਕਿ ਕਿਸੇ ਨੂੰ ਸਰੀਰਕ ਨੁਕਸਾਨ ਨਹੀਂ ਪਹੁੰਚਿਆ, ਪਰ ਇਸ ਘਟਨਾ ਨਾਲ ਮਸਜਿਦ ਵਿਚ ਮੌਜੂਦ ਲੋਕਾਂ ਨੂੰ ਮਨੋਵਿਗਿਆਨਕ ਝਟਕਾ ਲੱਗਾ। ਉਨ੍ਹਾਂ ਇਸ ਘਟਨਾ ਨੂੰ ਇਸਲਾਮੋਫੋਬੀਆ ਨਾਲ ਜੋੜਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਵੱਧ ਰਹੀਆਂ ਹਨ, ਅਤੇ ਭਾਈਚਾਰੇ ਦੇ ਆਗੂਆਂ ਨੂੰ ਇਸਦੇ ਖਿਲਾਫ਼ ਸਖਤ ਰਵੱਈਅਾ ਅਪਣਾਉਣ ਦੀ ਲੋੜ ਹੈ। ਕੌਂਸਲ ਵੱਲੋਂ ਧਾਰਮਿਕ ਥਾਵਾਂ ‘ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਵੀ ਕੀਤੀ ਗਈ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਨਸਲੀ ਨਫ਼ਰਤ ਦੇ ਮੱਦੇਨਜ਼ਰ ਅਪਰਾਧ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਨੇ ਵੀ ਕਹਿਆ ਕਿ ਇਨ੍ਹਾਂ ਘਟਨਾਵਾਂ ਦਾ ਮੁਕਾਬਲਾ ਕਰਨ ਲਈ ਸ਼ਹਿਰ ਵਾਸੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ।