ਉਨਟਾਰੀਓ ਵਿਚ ਕਾਰ ਹਾਦਸਾ: ਤਿੰਨ ਪੰਜਾਬਣਾਂ ਦੀ ਮੌਤ, ਮੁੱਖ ਦੋਸ਼ੀ ਜੋਗਪ੍ਰੀਤ ਸਿੰਘ ਫਰਾਰ
ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਇੱਕ ਭਿਆਨਕ ਕਾਰ ਹਾਦਸੇ ਨੇ ਤਿੰਨ ਪੰਜਾਬਣ ਕੁੜੀਆਂ ਦੀ ਜਾਨ ਲੈ ਲਈ ਹੈ। ਇਸ ਹਾਦਸੇ ਦਾ ਮੁਖ ਦੋਸ਼ੀ 24 ਸਾਲਾ ਜੋਗਪ੍ਰੀਤ ਸਿੰਘ ਹੈ, ਜਿਸ ਦੇ ਖਿਲਾਫ ਨਸ਼ਾ ਕਰਕੇ ਗੱਡੀ ਚਲਾਉਣ ਅਤੇ ਇਸ ਨਾਲ ਹੋਈ ਮੌਤਾਂ ਲਈ ਦੋਸ਼ ਲਗਾਏ ਗਏ ਹਨ। ਜੋਗਪ੍ਰੀਤ ਸਿੰਘ ਹਾਦਸੇ ਤੋਂ ਬਾਅਦ ਫਰਾਰ ਹੈ, ਅਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦਾ ਮੰਨਣਾ ਹੈ ਕਿ ਉਹ ਬਰੈਂਪਟਨ ਦੇ ਇਲਾਕੇ ਵਿਚ ਛੁਪਿਆ ਹੋ ਸਕਦਾ ਹੈ।
ਹਾਦਸਾ 20 ਜੁਲਾਈ ਦੀ ਰਾਤ ਨੂੰ ਪੈਰੀ ਸਾਊਂਡ ਦੇ ਨੇੜੇ ਵਾਪਰਿਆ ਸੀ। ਰਾਤ 11 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਤੇਜ਼ ਰਫ਼ਤਾਰ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਉਲਟ ਗਈ। ਇਸ ਹਾਦਸੇ ਵਿਚ ਤਿੰਨ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਾਦਸੇ ਦੌਰਾਨ ਮਰਨ ਵਾਲੀਆਂ ਕੁੜੀਆਂ ਵਿਚੋਂ ਇੱਕ ਦੀ ਪਹਿਚਾਣ ਲਖਵਿੰਦਰ ਕੌਰ ਵਜੋਂ ਹੋਈ, ਜੋ ਕੇਵਲ 10 ਮਹੀਨੇ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਆਈ ਸੀ। ਲਖਵਿੰਦਰ ਕੌਰ ਦਾ ਪਰਿਵਾਰ ਬਟਾਲਾ ਦੇ ਪਿੰਡ ਸੁੱਖਾ ਚਿੜਾ ਨਾਲ ਸਬੰਧਤ ਹੈ।
ਜੋਗਪ੍ਰੀਤ ਸਿੰਘ ਤੇ ਗੱਡੀ ਨਸ਼ੇ ਦੀ ਹਾਲਤ ਵਿੱਚ ਚਲਾਉਣ ਦੇ ਨਾਲ, ਖਤਰਨਾਕ ਤਰੀਕੇ ਨਾਲ ਕਾਰ ਚਲਾਉਣ ਅਤੇ ਇਸ ਨਾਲ ਤਿੰਨ ਜਣਿਆਂ ਦੀ ਮੌਤ ਕਰਨ ਦੇ ਦੋਸ਼ ਹਨ। ਉਸ ਨੇ 29 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣਾ ਸੀ, ਪਰ ਉਹ ਅਦਾਲਤ ਵਿਚ ਨਹੀਂ ਪਹੁੰਚਿਆ। ਪੁਲਿਸ ਅਦਾਲਤ ਵਿੱਚ ਉਸ ਦੀ ਗੈਰਹਾਜ਼ਰੀ ਤੋਂ ਬਾਅਦ ਉਸ ਦੀ ਭਾਲ ਕਰ ਰਹੀ ਹੈ। ਜੋਗਪ੍ਰੀਤ ਸਿੰਘ ਕਿੰਗਸਟਨ ਦਾ ਰਹਿਣ ਵਾਲਾ ਹੈ, ਪਰ ਉਹ ਅਕਸਰ ਬਰੈਂਪਟਨ ਵਿੱਚ ਨਜ਼ਰ ਆਉਂਦਾ ਸੀ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜੋਗਪ੍ਰੀਤ ਸਿੰਘ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ 1888 310 1122 ‘ਤੇ ਸੰਪਰਕ ਕਰਨ। ਗੁਪਤ ਜਾਣਕਾਰੀ ਦੇਣ ਲਈ, ਕ੍ਰਾਈਮ ਸਟਾਪਰਜ਼ ਨੂੰ 1800 222 8477 ‘ਤੇ ਕਾਲ ਕੀਤੀ ਜਾ ਸਕਦੀ ਹੈ।