ਟੋਰਾਂਟੋ ਅਤੇ ਮਾਰਖਮ ਵਿੱਚ ਲੁੱਟ ਅਤੇ ਗੋਲੀਬਾਰੀ ਦੇ ਦੋਸ਼ੀ ਕਾਬੂ, ਕੁਝ ਅਜੇ ਵੀ ਫਰਾਰ
ਕੈਨੇਡਾ ਦੇ ਯਾਰਕ ਰੀਜਨ ਵਿੱਚ ਹਥਿਆਰਬੰਦ ਲੁੱਟ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੇ ਹਾਲ ਹੀ ਵਿੱਚ ਸਥਾਨਕ ਵਸਨੀਕਾਂ ਨੂੰ ਝੰਝੋੜ ਦਿੱਤਾ। ਟੋਰਾਂਟੋ ਅਤੇ ਮਾਰਖਮ ਵਿੱਚ ਹਥਿਆਰਬੰਦ ਲੁੱਟਾਂ ਨੂੰ ਅੰਜਾਮ ਦੇਣ ਵਾਲੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਹੋਰ ਤਿੰਨ ਸ਼ੱਕੀ ਅਜੇ ਵੀ ਫਰਾਰ ਹਨ।
ਯਾਰਕ ਰੀਜਨਲ ਪੁਲਿਸ ਨੇ ਨਕਾਬਪੋਸ਼ ਹਮਲਾਵਰਾਂ ਦੇ ਸਪਾ ਅਤੇ ਵਪਾਰਕ ਸਥਾਨਾਂ ਵਿੱਚ ਦਾਖਲ ਹੋਣ ਦੀਆਂ ਫੁਟੇਜ ਜਨਤਾ ਨਾਲ ਸਾਂਝੀਆਂ ਕੀਤੀਆਂ ਹਨ। ਇਸ ਤਰ੍ਹਾਂ ਦੀਆਂ ਦੋ ਵਾਰਦਾਤਾਂ ਵਿੱਚ ਚਿੱਟੇ ਰੰਗ ਦੀ ਐਕਿਊਰਾ ਗੱਡੀ ਵਰਤੀ ਗਈ, ਜੋ ਬਾਅਦ ਵਿੱਚ 28 ਨਵੰਬਰ ਨੂੰ ਬਰਾਮਦ ਕੀਤੀ ਗਈ।
6 ਦਸੰਬਰ ਨੂੰ ਵਿਕਟੋਰੀਆ ਪਾਰਕ ਐਵੇਨਿਊ ਅਤੇ ਸਟੀਲਜ਼ ਐਵੇਨਿਊ ਇਲਾਕੇ ਵਿੱਚ ਹੋਈ ਹਥਿਆਰਬੰਦ ਲੁੱਟਾਂ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ। ਸਿਰਫ 20 ਮਿੰਟਾਂ ਦੇ ਅੰਤਰਾਲ ਵਿੱਚ ਦੋ ਹੋਰ ਵਾਰਦਾਤਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਟੋਯੋਟਾ ਹਾਈਲੈਂਡਰ ਗੱਡੀ ਦੀ ਵਰਤੋਂ ਕੀਤੀ ਗਈ। 10 ਦਸੰਬਰ ਨੂੰ ਟੋਰਾਂਟੋ ਦੇ ਦੋ ਘਰਾਂ ਵਿੱਚ ਤਲਾਸ਼ੀ ਲਈ ਛਾਪੇ ਮਾਰੇ ਗਏ, ਜਿਥੇ ਪੁਲਿਸ ਨੇ ਕਈ ਸਬੂਤ ਇਕੱਠੇ ਕਰਕੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ।
ਇਕ ਹੋਰ ਗੰਭੀਰ ਮਾਮਲਾ ਰਿਚਮੰਡ ਹਿੱਲ ਦੇ ਸਿਨੇਮਾ ਹਾਲ ਨਾਲ ਸਬੰਧਤ ਹੈ, ਜਿੱਥੇ ਭਾਰਤੀ ਫਿਲਮਾਂ ਦੀ ਪ੍ਰਦਰਸ਼ਨੀ ਦੌਰਾਨ ਕਈ ਵਾਰ ਗੋਲੀਬਾਰੀ ਹੋਈ। ਯਾਰਕ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਸ਼ੱਕੀਆਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ‘ਤੇ ਕੁੱਲ 109 ਦੋਸ਼ ਲਗਾਏ ਹਨ। ਪੜਤਾਲ ਦਰਸਾਉਂਦੀ ਹੈ ਕਿ ਇਹ ਸ਼ੱਕੀ 29 ਜੂਨ ਨੂੰ 16ਵੇਂ ਐਵੇਨਿਊ ਅਤੇ ਬੇਅਵਿਊ ਐਵੇਨਿਊ ਨੇੜਲੇ ਇੱਕ ਐਲੀਮੈਂਟਰੀ ਸਕੂਲ ‘ਤੇ ਵੀ ਗੋਲੀਬਾਰੀ ਵਿੱਚ ਸ਼ਾਮਲ ਸਨ।
ਪੁਲਿਸ ਮੁਤਾਬਕ, ਸ਼ੱਕੀਆਂ ਨੇ ਗੋਲੀਬਾਰੀ ਦੀਆਂ ਵਾਰਦਾਤਾਂ ਵਿੱਚ ਹਰ ਵਾਰ ਵੱਖ-ਵੱਖ ਗੱਡੀਆਂ ਦੀ ਵਰਤੋਂ ਕੀਤੀ ਅਤੇ ਵਾਰਦਾਤਾਂ ਦੌਰਾਨ ਗੱਡੀ ਦੇ ਅੰਦਰੋਂ ਹੀ ਗੋਲੀਆਂ ਚਲਾਈਆਂ। ਇਸਨਾਂ ਵਾਰਦਾਤਾਂ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ, ਪਰ ਇਹ ਘਟਨਾਵਾਂ ਸਥਾਨਕ ਸਮਾਜ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਲਈ ਕਾਫ਼ੀ ਸਨ।
ਇਹ ਮਾਮਲੇ ਕੈਨੇਡਾ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਚਰਚਾ ਨੂੰ ਉਜਾਗਰ ਕਰ ਰਹੇ ਹਨ। ਪੁਲਿਸ ਹੁਣ ਵੀ ਫਰਾਰ ਸ਼ੱਕੀਆਂ ਦੀ ਭਾਲ ਵਿੱਚ ਜੁਟੀ ਹੋਈ ਹੈ, ਜਦਕਿ ਪਕੜੇ ਗਏ ਦੋਸ਼ੀਆਂ ਨੂੰ ਅਦਾਲਤੀ ਕਟਘਰੇ ਵਿੱਚ ਲਿਆਉਣ ਲਈ ਕਾਰਵਾਈ ਜਾਰੀ ਹੈ।