Epstein ਦਸਤਾਵੇਜ਼ਾਂ ’ਤੇ ਹੰਗਾਮਾ: ਪੀੜਤਾਂ ਦੀ ਪਛਾਣ ਸਾਹਮਣੇ ਆਉਣ ਤੋਂ ਬਾਅਦ ਹਜ਼ਾਰਾਂ ਫਾਈਲਾਂ ਹਟਾਈਆਂ |
Epstein Documents: ਪੀੜਤਾਂ ਦੀ ਪਛਾਣ ਲੀਕ, DOJ ਨੇ ਫਾਈਲਾਂ ਹਟਾਈਆਂ |
ਅਮਰੀਕਾ ਦੇ ਨਿਆਂ ਵਿਭਾਗ (DOJ) ਨੂੰ ਵੱਡੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਜਦੋਂ Epstein Documents ਜਾਰੀ ਕਰਨ ਦੌਰਾਨ ਕਈ ਪੀੜਤਾਂ ਦੀ ਨਿੱਜੀ ਪਛਾਣ ਸਾਹਮਣੇ ਆ ਗਈ। ਇਸ ਤੋਂ ਬਾਅਦ DOJ ਨੇ ਆਪਣੀ ਵੈੱਬਸਾਈਟ ਤੋਂ ਹਜ਼ਾਰਾਂ ਦਸਤਾਵੇਜ਼ ਹਟਾ ਦਿੱਤੇ ਹਨ।
ਜੇਫ਼ਰੀ ਐਪਸਟਿਨ ਦੇ ਪੀੜਤਾਂ ਦੇ ਵਕੀਲਾਂ ਨੇ ਦੋਸ਼ ਲਗਾਇਆ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੀਆਂ ਫਾਈਲਾਂ ਵਿੱਚ ਢੁੱਕਵੇਂ ਤੌਰ ’ਤੇ ਰੀਡੈਕਸ਼ਨ ਨਹੀਂ ਕੀਤੀ ਗਈ, ਜਿਸ ਨਾਲ ਲਗਭਗ 100 ਪੀੜਤਾਂ ਦੀ ਜ਼ਿੰਦਗੀ “ਪੂਰੀ ਤਰ੍ਹਾਂ ਉਲਟ ਗਈ।” ਦਸਤਾਵੇਜ਼ਾਂ ਵਿੱਚ ਈਮੇਲ ਪਤੇ, ਬੈਂਕਿੰਗ ਜਾਣਕਾਰੀ ਅਤੇ ਇੱਥੋਂ ਤੱਕ ਕਿ ਅਜਿਹੀਆਂ ਤਸਵੀਰਾਂ ਵੀ ਸ਼ਾਮਲ ਸਨ, ਜਿਨ੍ਹਾਂ ਨਾਲ ਪੀੜਤਾਂ ਦੀ ਪਛਾਣ ਹੋ ਸਕਦੀ ਸੀ।
ਪੀੜਤਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਖੁਲਾਸਾ “ਸ਼ਰਮਨਾਕ ਅਤੇ ਅਸਵੀਕਾਰਯੋਗ” ਹੈ ਅਤੇ ਉਨ੍ਹਾਂ ਨੂੰ ਮੁੜ ਤੋਂ ਜ਼ਖ਼ਮੀ (retraumatized) ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਨਾ ਤਾਂ ਸਰਿਆਂਮ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ ਅਤੇ ਨਾ ਹੀ ਮੁੜ ਜਾਂਚ ਅਤੇ ਆਲੋਚਨਾ ਦਾ ਸ਼ਿਕਾਰ ਬਣਾਇਆ ਜਾਣਾ ਚਾਹੀਦਾ ਹੈ।
DOJ ਨੇ ਮੰਨਿਆ ਹੈ ਕਿ ਇਹ ਗਲਤੀਆਂ “ਤਕਨੀਕੀ ਜਾਂ ਮਨੁੱਖੀ ਭੁੱਲ” ਕਾਰਨ ਹੋਈਆਂ। ਫੈਡਰਲ ਜੱਜ ਨੂੰ ਭੇਜੇ ਪੱਤਰ ਵਿੱਚ ਵਿਭਾਗ ਨੇ ਕਿਹਾ ਕਿ ਪੀੜਤਾਂ ਜਾਂ ਉਨ੍ਹਾਂ ਦੇ ਵਕੀਲਾਂ ਵੱਲੋਂ ਦਰਸਾਈਆਂ ਗਈਆਂ ਸਾਰੀਆਂ ਫਾਈਲਾਂ ਹਟਾ ਦਿੱਤੀਆਂ ਗਈਆਂ ਹਨ ਅਤੇ ਹੋਰ ਦਸਤਾਵੇਜ਼ਾਂ ਦੀ ਵੀ ਮੁੜ ਜਾਂਚ ਕੀਤੀ ਜਾ ਰਹੀ ਹੈ।
ਕਾਨੂੰਨ ਅਨੁਸਾਰ, Epstein Documents ਜਾਰੀ ਕਰਦੇ ਸਮੇਂ ਪੀੜਤਾਂ ਦੀ ਪਛਾਣ ਨਾਲ ਸੰਬੰਧਿਤ ਸਾਰੀ ਜਾਣਕਾਰੀ ਲੁਕਾਉਣਾ ਲਾਜ਼ਮੀ ਸੀ। ਪਰ ਵਕੀਲਾਂ ਨੇ ਇਸਨੂੰ ਅਮਰੀਕੀ ਇਤਿਹਾਸ ਵਿੱਚ “ਪੀੜਤਾਂ ਦੀ ਨਿੱਜਤਾ ਦੀ ਸਭ ਤੋਂ ਵੱਡੀ ਉਲੰਘਣਾ” ਕਰਾਰ ਦਿੱਤਾ ਹੈ।
ਕਈ ਪੀੜਤਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਨਿੱਜੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਮਿਲੀਆਂ। ਐਪਸਟਿਨ ਦੀ ਇੱਕ ਪੀੜਤਾ ਨੇ ਇਸ ਘਟਨਾ ਨੂੰ “ਜਾਨਲੇਵਾ” ਦੱਸਿਆ।
ਮਹਿਲਾ ਅਧਿਕਾਰ ਵਕੀਲ ਗਲੋਰੀਆ ਆਲਰੇਡ ਨੇ ਵੀ ਕਿਹਾ ਕਿ ਕਈ ਅਜਿਹੀਆਂ ਪੀੜਤਾਂ ਦੇ ਨਾਮ ਅਤੇ ਤਸਵੀਰਾਂ ਜਾਰੀ ਹੋ ਗਈਆਂ ਜੋ ਪਹਿਲਾਂ ਕਦੇ ਜਨਤਕ ਤੌਰ ’ਤੇ ਸਾਹਮਣੇ ਨਹੀਂ ਆਈਆਂ ਸਨ।
DOJ ਦਾ ਕਹਿਣਾ ਹੈ ਕਿ ਜਾਰੀ ਕੀਤੀਆਂ ਗਈਆਂ ਮਿਲੀਅਨ ਪੰਨਿਆਂ ਵਿੱਚੋਂ ਸਿਰਫ਼ 0.1% ਵਿੱਚ ਹੀ ਅਜਿਹੀ ਜਾਣਕਾਰੀ ਮਿਲੀ ਹੈ, ਪਰ ਪੀੜਤਾਂ ਦਾ ਦਾਅਵਾ ਹੈ ਕਿ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ।
ਗੌਰਤਲਬ ਹੈ ਕਿ ਜੇਫ਼ਰੀ ਐਪਸਟਿਨ 2019 ਵਿੱਚ ਨਿਊਯਾਰਕ ਦੀ ਜੇਲ੍ਹ ਵਿੱਚ ਮੌਤ ਦਾ ਸ਼ਿਕਾਰ ਹੋ ਗਿਆ ਸੀ, ਜਦੋਂ ਉਹ ਸੈਕਸ ਟ੍ਰੈਫਿਕਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। Epstein Documents ਦੀ ਜਾਰੀਗੀ ਅਜੇ ਵੀ ਵਿਵਾਦਾਂ ਵਿੱਚ ਘਿਰੀ ਹੋਈ ਹੈ ਅਤੇ ਪੀੜਤਾਂ ਨੇ ਕਾਨੂੰਨੀ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ।