Hormuz Strait ‘ਤੇ ਤਣਾਅ ਵਧਿਆ, ਅਮਰੀਕਾ ਨੇ ਇਰਾਨ ਨੂੰ ਦਿੱਤੀ ਸਖ਼ਤ ਚੇਤਾਵਨੀ |
Hormuz Strait ‘ਤੇ ਤਣਾਅ, ਅਮਰੀਕਾ ਦੀ ਇਰਾਨ ਨੂੰ ਚੇਤਾਵਨੀ |
ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਦਰਮਿਆਨ ਅਮਰੀਕਾ ਨੇ ਇਰਾਨ ਨੂੰ Hormuz Strait ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪੈਦਾ ਕਰਨ ‘ਤੇ ਸਖ਼ਤ ਚੇਤਾਵਨੀ ਦਿੱਤੀ ਹੈ। ਵ੍ਹਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਜੇ ਇਰਾਨ ਨੇ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਰਾਹੀਂ ਤੇਲ ਅਤੇ ਸਾਮਾਨ ਦੀ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਭਾਰੀ ਫੌਜੀ ਜਵਾਬ ਦਾ ਸਾਹਮਣਾ ਕਰਨਾ ਪਵੇਗਾ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਅਜੇ ਤੱਕ ਅਮਰੀਕੀ ਜਲ ਸੈਨਾ ਨੇ Hormuz Strait ਵਿੱਚੋਂ ਲੰਘਣ ਵਾਲੇ ਕਿਸੇ ਵੀ ਤੇਲ ਟੈਂਕਰ ਜਾਂ ਜਹਾਜ਼ ਨੂੰ ਸਿੱਧੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਅਮਰੀਕਾ ਆਪਣੇ ਜਹਾਜ਼ਾਂ ਨੂੰ ਤਾਇਨਾਤ ਕਰ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਦੁਨੀਆ ਦੇ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਰਾਨ ਨੇ Hormuz Strait ਵਿੱਚ ਤੇਲ ਸਪਲਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਹੁਣ ਤੱਕ ਦੇ ਮੁਕਾਬਲੇ ਕਈ ਗੁਣਾ ਤਾਕਤਵਰ ਜਵਾਬ ਦਿੱਤਾ ਜਾਵੇਗਾ।
ਅਮਰੀਕਾ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਮੁੰਦਰੀ ਵਪਾਰ ਅਤੇ ਊਰਜਾ ਸਪਲਾਈ ਦੀ ਸੁਰੱਖਿਆ ਉਸਦੀ ਪ੍ਰਮੁੱਖ ਤਰਜੀਹ ਹੈ। ਇਸ ਲਈ ਉਸਦੀ ਫੌਜ ਅਤੇ ਸਹਿਯੋਗੀ ਦੇਸ਼ Hormuz Strait ਨੂੰ ਖੁੱਲ੍ਹਾ ਰੱਖਣ ਲਈ ਹਰ ਸੰਭਵ ਕਦਮ ਚੁੱਕਣ ਲਈ ਤਿਆਰ ਹਨ।
ਦੱਸਣਯੋਗ ਹੈ ਕਿ Hormuz Strait ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਰਸਤਿਆਂ ਵਿੱਚੋਂ ਇੱਕ ਹੈ, ਜੋ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਨਾਲ ਜੋੜਦਾ ਹੈ। ਵਿਸ਼ਵ ਦੇ ਲਗਭਗ 20 ਫੀਸਦੀ ਤੇਲ ਵਪਾਰ ਦੀ ਆਵਾਜਾਈ ਇਸੇ ਰਸਤੇ ਰਾਹੀਂ ਹੁੰਦੀ ਹੈ।
ਮਾਹਿਰਾਂ ਦੇ ਅਨੁਸਾਰ ਜੇ Hormuz Strait ਵਿੱਚ ਆਵਾਜਾਈ ਰੁਕਦੀ ਹੈ ਤਾਂ ਦੁਨੀਆ ਭਰ ਵਿੱਚ ਊਰਜਾ ਸੰਕਟ ਪੈਦਾ ਹੋ ਸਕਦਾ ਹੈ ਅਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ।