ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਸ਼ੁਰੂ ਹੋਏ ਸਾਲ ਪੂਰਾ ਹੋਣ ਤੇ ਅੱਜ ਦਿੱਲੀ ਦੀਆਂ ਸਰਹੱਦਾਂ ਤੇ ਵੱਡੇ ਇਕੱਠ ਕੀਤੇ ਗਏ । ਇੱਥੇ ਪਹੁੰਚੇ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਹੀ ਪੰਜਾਬ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ।
ਬੱਬੂ ਮਾਨ ਨੇ ਕਿਹਾ ਕਿ ਹੁਣ ਤੱਕ ਸਾਰੀਆਂ ਪਾਰਟੀ ਦੇਖ ਲਈਆਂ ਹਨ। ਕਿਸਾਨੀ ਅੰਦੋਲਨ ਨੇ ਪੰਜਾਬ ਤੇ ਹਰਿਆਣਾ ਇਕੱਠੇ ਕਰ ਦਿੱਤੇ ਹਨ। ਦੱਸ ਦਈਏ ਕਿ ਬੱਬੂ ਮਾਨ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨਾਲ ਖੜੇ ਹਨ।
ਬੁੱਬੂ ਮਾਨ ਨੇ ਕਿਹਾ ਕਿ ਟਵੀਟ ਤੇ ਲੜਾਈ ਨਾ ਕਰੋ। ਕਿਸੇ ਬੀਬੀ ਨੂੰ ਮਾੜਾ ਚੰਗਾ ਨਾ ਕਹੋ। ਬੱਬੂ ਮਾਨ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਵੋਟਾਂ ਤੱਕ ਇਕੱਠਾ ਰਹਿਣਾ, ਅਲੱਗ ਨਾ ਹੋ ਜਾਣਾ, ਕਿਸੇ ਪਾਰਟੀ ਦੇ ਲਾਲਚ ਵਿੱਚ ਨਾ ਆਉਣਾ। 3 ਰੁਪਏ ਦਾ ਵਾਧਾ ਘਾਟਾ ਵੋਟ ਤੱਕ ਹੀ ਹੈ। ਇਸ ਲਈ ਕੋਈ ਪੱਕੀ ਨੀਤੀ ਹੋਣੀ ਚਾਹੀਦੀ ਹੈ। ਬਿਜਲੀ ਕਰਾਰ ਵੀ ਰੱਦ ਹੋਣ।
ਵਿਦੇਸ਼ਾਂ ਤੋਂ ਵੀ ਵੱਡੀ ਹਮਾਇਤ
ਭਾਰਤ ਦੀ ਆਜ਼ਾਦੀ ਮਗਰੋਂ ਸ਼ੁਰੂ ਹੋਏ ਇਤਿਹਾਸਕ ਕਿਸਾਨ ਅੰਦੋਲਨ ਦਾ ਅੱਜ ਸਾਲ ਪੂਰੇ ਹੋਣ ਮੌਕੇ ਪਰਵਾਸੀ ਭਾਰਤੀਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਕਿਸਾਨ ਸੰਗਠਨਾਂ ਵੱਲੋਂ ਵੀ ਵਿਸ਼ਵ ਭਰ ‘ਚ ‘ਏਕਤਾ ਸਮਾਗਮਾਂ’ ਦੀ ਯੋਜਨਾ ਬਣਾਈ ਗਈ ਹੈ। ਲੰਡਨ ‘ਚ ਅੱਜ ਭਾਰਤੀ ਹਾਈ ਕਮਿਸ਼ਨ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕੈਨੇਡਾ ਦੇ ਵੈਨਕੂਵਰ ਤੋਂ ਇਲਾਵਾ ਸਰੀ ‘ਚ ਵੀ ਸਲੀਪ-ਆਊਟ ਹੋਵੇਗਾ। ਫਰਾਂਸ ਦੇ ਸ਼ਹਿਰ ਪੈਰਿਸ ‘ਚ 30 ਨਵੰਬਰ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਤਰ੍ਹਾਂ 4 ਦਸੰਬਰ ਨੂੰ ਕੈਲੀਫੋਰਨੀਆ ‘ਚ ਕਾਰ ਰੈਲੀ ਤੇ ਨਿਊਯਾਰਕ ਸ਼ਹਿਰ ‘ਚ ਮਾਰਚ ਕੱਢਿਆ ਜਾਵੇਗਾ। ਸਾਂ ਹੋਜ਼ੇ ਗੁਰਦੁਆਰੇ ਵਿੱਚ ਸ਼ਰਧਾਂਜਲੀ ਸਮਾਗਮ ਹੋਵੇਗਾ ਤੇ ਮੋਮਬੱਤੀਆਂ ਜਗਾਈਆਂ ਜਾਣਗੀਆਂ। ਨੀਦਰਲੈਂਡਜ਼ ‘ਚ 5 ਦਸੰਬਰ ਤੇ 8 ਦਸੰਬਰ ਨੂੰ ਵੀਏਨਾ (ਆਸਟਰੀਆ) ‘ਚ ਸਮਾਗਮ ਦੀ ਯੋਜਨਾ ਬਣਾਈ ਗਈ ਹੈ। ਆਸਟਰੇਲੀਆ ਵਿੱਚ ਵੀ ਸਮਾਗਮ ਹੋਣਗੇ।