ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ॥ ਨੂੰ ਮਾਰਨ ਦੀ ਧਮਕੀ ਦੇਣ ਤੇ ਕੋਸ਼ਿਸ਼ ਤਹਿਤ ਮਹਿਲ ‘ਚ ਦਾਖ਼ਲ ਹੋਣ ਵਾਲੇ 19 ਸਾਲਾ ਨੌਜਵਾਨ ਜਸਵੰਤ ਸਿੰਘ ਚੈਲ ਦੀ ਤਸਵੀਰ ਜਾਰੀ ਕੀਤੀ ਗਈ ਹੈ।ਦੱਸਣਯੋਗ ਹੈ ਕਿ ਉਕਤ ਨੌਜਵਾਨ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਤੀਰ-ਕਮਾਨ ਸਮੇਤ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ॥ ਦੇ ਮਹਿਲ ‘ਚ ਦਾਖ਼ਲ ਹੋਇਆ ਸੀ। ਮਹਾਰਾਣੀ ਐਲਿਜ਼ਾਬੈਥ ਕ੍ਰਿਸਮਸ ਮਨਾਉਣ ਵਿੰਡਸਰ ਕੈਸਲ ਪਹੁੰਚੀ ਹੋਈ ਹੈ।
ਦੱਸ ਦੇਈਏ ਕਿ ਇਹ ਨੌਜਵਾਨ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ‘ਚ ਆਪਣਾ ਨਾਮ ਜਸਵੰਤ ਸਿੰਘ ਚੈਲ ਦੱਸ ਰਿਹਾ ਹੈ। ਵੀਡੀਓ ਵਿੱਚ ਨਕਾਬਪੋਸ਼ ਨੌਜਵਾਨ ਕਹਿ ਰਿਹਾ ਹੈ, ‘ਮੈਂ ਦੁਖੀ ਹਾਂ, ਮੈਂ ਜੋ ਕੀਤਾ ਤੇ ਮੈਂ ਜੋ ਕਰਾਂਗਾ, ਉਸ ਤੋਂ ਮੈਂ ਦੁਖੀ ਹਾਂ। ਮੈਂ ਮਹਾਰਾਣੀ ਐਲਿਜ਼ਾਬੈਥ ॥ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਾਂਗਾ।
ਉਸਨੇ ਅੱਗੇ ਕਿਹਾ ਕਿ ‘ਇਹ ਉਨ੍ਹਾਂ ਲੋਕਾਂ ਲਈ ਬਦਲਾ ਹੈ ਜੋ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ‘ਚ ਮਾਰੇ ਗਏ ਸਨ ਤੇ ਉਨ੍ਹਾਂ ਲੋਕਾਂ ਲਈ ਵੀ ਬਦਲਾ ਹੈ ਜੋ ਆਪਣੀ ਨਸਲ ਕਾਰਨ ਮਾਰੇ ਗਏ, ਅਪਮਾਨਿਤ ਕੀਤੇ ਗਏ, ਵਿਤਕਰੇ ਦਾ ਸ਼ਿਕਾਰ ਹੋਏ। ਮੈਂ ਭਾਰਤੀ ਸਿੱਖ ਹਾਂ। ਮੇਰਾ ਨਾਮ ਜਸਵੰਤ ਸਿੰਘ ਚੈਲ ਹੈ, ਮੇਰਾ ਨਾਮ ਡਾਰਥ ਜੋਨਸ ਹੈ।’