ਗੁਰਮਤਿ ਸੰਗੀਤ ਦੇ ਉਸਤਾਦ ਪਦਮ ਸ਼੍ਰੀ ਪੁਰਸਕਾਰ ਪ੍ਰੋਫੈਸਰ ਕਰਤਾਰ ਸਿੰਘ ਦਾ 94 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
ਗੁਰਮਤਿ ਸੰਗੀਤ ਦੇ ਉਸਤਾਦ ਪਦਮਸ੍ਰੀ ਪ੍ਰੋਫੈਸਰ ਕਰਤਾਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਦਯਾਨੰਦ ਮੈਡੀਕਲ ਕਾਲਜ ਵਿੱਚ ਦਾਖਲ ਸਨ ਤੇ ਅੱਜ ਐਤਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਗੁਰਮਤਿ ਸੰਗੀਤ ਜਗਤ ‘ਚ ਪਾਏ ਯੋਗਦਾਨ ਲਈ 2021 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦਾ ਜਨਮ 1928 ‘ਚ ਲਾਹੌਰ ਦੇ ਪਿੰਡ ਘੁਮਾਣਕੇ ਵਿੱਚ ਹੋਇਆ ਸੀ ਅਤੇ ਭਾਰਤ ਤੇ ਪਾਕਿਸਤਾਨ ਦੀ ਵੰਡ ਸਮੇਂ ਭਾਰਤ ਵਿੱਚ ਆ ਕੇ ਵਸੇ ਸੀ। ਉਨ੍ਹਾਂ ਨੇ ਭਾਈ ਗੁਰਚਰਨ ਸਿੰਘ ਤੇ ਭਾਈ ਸੁੰਦਰ ਸਿੰਘ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਸੀ।
ਸੰਗੀਤ ਦੇ ਡੂੰਘੇ ਅਧਿਐਨ ਦੇ ਕਾਰਨ ਉਨ੍ਹਾਂ ਨੇ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਤੇ ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ ‘ਚ ਸੰਗੀਤ ਵਿਭਾਗ ਵਿੱਚ ਲੰਮਾ ਸਮਾਂ ਕੰਮ ਕੀਤਾ।
ਇਸ ਤੋਂ ਬਿਨਾ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ ਅਕੈਡਮੀ ਦੇ ਡਾਇਰੈਕਟਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀਆਂ 5 ਪੁਸਤਕਾਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ। ਕਰਤਾਰ ਸਿੰਘ ਸੰਗੀਤ ਦੇ ਧਨੀ ਹੋਣ ਦੇ ਨਾਲ-ਨਾਲ ਗੁਰਮਤਿ ਨੂੰ ਜ਼ਿੰਦਾ ਰੱਖਣ ਵਾਲੇ ਵੀ ਸਨ।