ਅਫਗਾਨਿਸਤਾਨ ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਅਫਗਾਨਿਸਤਾਨ ‘ਚ ਔਰਤਾਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਹੁਣ ਤਾਲਿਬਾਨ ਨੇ ਇੱਕ ਨਵਾਂ ਨਿਰਦੇਸ਼ ਜਾਰੀ ਕੀਤਾ ਹੈ, ਜਿਸ ਦੇ ਅਨੁਸਾਰ ਅਫਗਾਨਿਸਤਾਨ ‘ਚ ਔਰਤਾਂ ਦੀਆਂ ਖੇਡ ਗਤੀਵਿਧੀਆਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਜਾਣਕਾਰੀ ਕਾਬੁਲ ਦੇ ਕਈ ਸਪੋਰਟਸ ਕਲੱਬਾਂ ਦੇ ਮਾਲਕਾਂ ਨੇ ਦਿੱਤੀ ਕਿ ਇਸਲਾਮਿਕ ਅਮੀਰਾਤ ਔਰਤਾਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਦਿੰਦਾ ਹੈ। ਭਾਵੇਕਿ, ਖੇਡਾਂ ਦੀਆਂ ਗਤੀਵਿਧੀਆਂ ‘ਚ ਔਰਤਾਂ ਲਈ ਪਹਿਲਾਂ ਹੀ ਵੱਖਰੀ ਥਾਂ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਔਰਤਾ ਦੀ ਕੋਚ ਵੀ ਮਰਦ ਦੀ ਬਜਾਏ ਔਰਤ ਹੋਵੇਗੀ।
ਖੇਡਾਂ ‘ਚ ਸ਼ਾਮਲ ਔਰਤਾਂ ਨੇ ਕਹੀ ਇਹ ਗੱਲ
ਤਾਇਕਵਾਂਡੋ ਤੇ ਪਰਬਤਾਰੋਹੀ ਖੇਡਾਂ ਦੀ ਕੋਚ ਤਾਹਿਰਾ ਸੁਲਤਾਨੀ ਨੇ ਦੱਸਿਆ ਕਿ ਤਾਲਿਬਾਨ ਦੇ ਸੱਤਾ ‘ਚ ਆਉਣ ਤੋਂ ਬਾਅਦ ਮੈਨੂੰ ਆਪਣੀ ਖੇਡ ਦਾ ਅਭਿਆਸ ਤੱਕ ਵੀ ਨਹੀਂ ਕਰਨ ਦਿੱਤਾ ਗਿਆ।ਸੁਲਤਾਨੀ ਨੇ ਕਿਹਾ ਕਿ ਮੈਂ ਸਿਖਲਾਈ ਲਈ ਖੇਡਾਂ ਦੇ ਕਈ ਕਲੱਬਾਂ ਦੇ ਨਾਲ ਵੀ ਗੱਲ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਹੁਣ ਕਲੱਬਾਂ ‘ਚ ਮਹਿਲਾ ਵਰਗ ਦੀ ਜਗ੍ਹਾ ਬੰਦ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਤਾਹਿਰਾ ਸੁਲਤਾਨੀ ਨੇ ਪਿਛਲੇ ਅੱਠ ਸਾਲਾਂ ‘ਚ ਰਾਸ਼ਟਰੀ ਪੱਧਰ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕਈ ਪੁਰਸਕਾਰ ਜਿੱਤੇ ਹਨ।
ਇਨ੍ਹਾ ਸ਼ਰਤਾਂ ਦੇ ਤਹਿਤ ਮਿਲੇਗੀ ਇਜਾਜ਼ਤ
ਇਸ ਵਿਚਕਾਰ ਇਸਲਾਮਿਕ ਅਮੀਰਾਤ ਨੇ ਆਲੋਚਨਾ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਔਰਤਾਂ ਨੂੰ ਇਸਲਾਮੀ ਕਦਰਾਂ-ਕੀਮਤਾਂ ਤੇ ਅਫਗਾਨ ਸੱਭਿਆਚਾਰ ਤੇ ਆਧਾਰਿਤ ਖੇਡਾਂ ਖੇਡਣ ਦੀ ਇਜਾਜ਼ਤ ਹੋਵੇਗੀ। ਸਰੀਰਕ ਸਿੱਖਿਆ ਤੇ ਰਾਸ਼ਟਰੀ ਓਲੰਪਿਕ ਕਮੇਟੀ ਦੇ ਬੁਲਾਰੇ ਦੇਦ ਮੁਹੰਮਦ ਨਵਾ ਨੇ ਕਿਹਾ ਕਿ ਅਸੀਂ ਸਾਰੇ ਪਹਿਲੂਆਂ ‘ਚ ਇਸਲਾਮਿਕ ਅਮੀਰਾਤ ਦੀ ਨੀਤੀ ਦਾ ਪਾਲਣ ਕਰਾਂਗੇ। ਸਾਡੀ ਸੰਸਕ੍ਰਿਤੀ ਤੇ ਪਰੰਪਰਾ ਦੇ ਅਨੁਸਾਰ, ਔਰਤਾਂ ਨੂੰ ਖੇਡਾਂ ‘ਚ ਜੋ ਵੀ ਇਜਾਜ਼ਤ ਹੈ, ਅਸੀਂ ਔਰਤਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਜਰੂਰ ਦੇਵਾਂਗੇ। ਮੀਡਿਆ ਅਨੁਸਾਰ, ਤਾਲਿਬਾਨ ਦੇ ਮਹਿਲਾ ਖੇਡਾਂ ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਨੂੰ ਅੰਤਰਰਾਸ਼ਟਰੀ ਮਾਨਵਤਾਵਾਦੀ ਸੰਗਠਨਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਊਮਨ ਰਾਈਟਸ ਵਾਚ ਦੇ ਅਨੁਸਾਰ, ਅੰਤਰਰਾਸ਼ਟਰੀ ਸਹਾਇਤਾ ਨੂੰ ਮੁਅੱਤਲ ਕਰਨ ਬਾਰੇ ਕਈ ਸਬੰਧਤ ਰਿਪੋਰਟਾਂ ਵੀ ਆਈਆਂ ਹਨ। ਇਨ੍ਹਾਂ ‘ਚ ਤਾਲਿਬਾਨ ਵੱਲੋਂ ਔਰਤਾਂ ਦੀਆਂ ਖੇਡਾਂ ਤੇ ਪਾਬੰਦੀ, ਤਾਲਿਬਾਨੀ ਨਿਯਮਾਂ ਕਾਰਨ ਔਰਤਾਂ ਦੀ ਸਿਹਤ ਸੰਭਾਲ ਤੱਕ ਸੀਮਤ ਪਹੁੰਚ ਤੇ ਮਰਦ ਦੁਆਰਾ ਔਰਤਾਂ ਦੀ ਸੁਰੱਖਿਆ ਦੀ ਲੋੜ ਸ਼ਾਮਲ ਹੈ।