ਪਟਿਆਲਾ (ਦਰਸ਼ਨ ਸਿੰਘ ਦਰਸ਼ਕ) – ਭਾਰਤੀ ਜਨਤਾ ਪਾਰਟੀ ਦੇ ਇੱਕ ਸੀਨੀਅਰ ਆਗੂ ਦੀ ਉਹ ਟਿੱਪਣੀ ਮੌਜੂਦਾ ਹਾਲਾਤ ਵਿੱਚ ਬਹੁਤ ਸਾਰਥਕ ਸਿੱਧ ਹੋਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਿਆਸੀ ਮਾਹੌਲ ਨੂੰ ਤਬਦੀਲ ਕਰਨ ਲਈ ਤਾਂ ਇੱਕ ਦਿਨ ਹੀ ਬਹੁਤ ਹੁੰਦਾ ਹੈ। ਸੋ, ਓਹੀ ਹੋਇਆ ਹੈ। ਬਲਾਤਕਾਰ, ਕਤਲਾਂ ਦੇ ਕੇਸ ਵਿੱਚ ਸੁਨਾਰੀਆ ਜੇਲ੍ਹ ਵਿੱਚ ਕਈ ਕੈਦਾਂ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ਫਰਲੋ ਮਿਲ ਗਈ ਹੈ। ਇਹ ਫਰਲੋ ਉਸ ਸਮੇਂ ਮਿਲੀ ਜਦੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਡੇਰਾ ਸਿਰਸਾ ਦਾ ਹਰਿਆਣਾ ਦੇ ਪੂਰੇ ਖੇਤਰ ਵਿੱਚ ਅਤੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੱਡਾ ਪ੍ਰਭਾਵ ਹੈ। ਸਮੇਂ-ਸਮੇਂ ਉਤੇ ਸਿਆਸੀ ਪਾਰਟੀਆਂ ਦੇ ਲੀਡਰ ਇਸ ਡੇਰੇ ਉਤੇ ਨਤਮਸਤਕ ਹੁੰਦੇ ਆਏ ਹਨ ਅਤੇ ਵੋਟਾਂ ਮੌਕੇ ਸਹਾਇਤਾ ਮੰਗਦੇ ਰਹੇ ਹਨ। ਮੰਨਿਆ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਡੇਰਾ ਮੁਖੀ ਨੂੰ ਜੇਲ੍ਹ ਵਿਚੋਂ ਫਰਲੋ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਡੇਰਾ ਮੁਖੀ ਦੀ 21 ਦਿਨਾਂ ਦੀ ਛੁੱਟੀ ਅਤੇ ਪੰਜਾਬ ਚੋਣਾਂ ਦੇ ਇਕੱਠਿਆਂ ਹੋਣ ਮਹਿਜ ਇਤਫਾਕ ਦੱਸ ਰਹੇ ਹਨ, ਪਰ ਹਕੀਕਤ ਇਹ ਹੈ ਕਿ ਇਸ ਘਟਨਾਕ੍ਰਮ ਦਾ ਪੰਜਾਬ ਚੋਣਾਂ ਨਾਲ ਸਿੱਧਾ ਸਬੰਧ ਹੈ। ਇਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਹਰਿਆਣਾ ਵਿੱਚ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਭਾਜਪਾ ਦੀ ਸਰਕਾਰ ਵੀ ਡੇਰਾ ਪ੍ਰੇਮੀਆਂ ਦੇ ਸਮਰਥਨ ਕਾਰਨ ਹੀ ਬਣੀ ਸੀ।
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਭਾਵੇਂ ਆਪਣੇ ਪੈਰ ਜਮਾਉਣ ਲਈ ਬਹੁਤ ਯਤਨ ਕਰ ਰਹੀ ਸੀ ਪਰ ਫਿਰ ਉਸ ਦੇ ਪੈਰ ਉਖੜੇ-ਉਖੜੇ ਨਜ਼ਰ ਆਉਂਦੇ ਸਨ। ਇਸ ਦਾ ਕਾਰਨ ਇਹ ਹੈ ਕਿ ਕਿਸਾਨ ਹਾਲੇ ਵੀ ਭਾਜਪਾ ਤੋਂ ਨਾਰਾਜ਼ ਹਨ ਤੇ ਅਕਾਲੀ ਦਲ ਨਾਲ ਉਸ ਦਾ ਸਾਥ ਖਤਮ ਹੋ ਗਿਆ ਹੈ। ਉਸ ਦੁਆਰਾ ਪੰਜਾਬ ਵਿਚਲੀਆਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੀ ਸ਼ਮੂਲੀਅਤ ਵੀ ਕਰਵਾਈ ਜਾ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਨਾਲ ਸਮਝੌਤਾ ਵੀ ਕੀਤਾ ਹੈ। ਪਰ ਕੁਝ ਹੀ ਖੇਤਰਾਂ ਵਿੱਚ ਭਾਜਪਾ ਮੁਕਾਬਲੇ ਵਿੱਚ ਨਜ਼ਰ ਆ ਰਹੀ ਸੀ ਤੇ ਬਾਕੀਆਂ ਉਤੇ ਮੁਕਾਬਲੇ ਵਿੱਚ ਹੀ ਨਹੀਂ ਪੁੱਜ ਰਹੀ ਸੀ। ਮਾਲਵਾ ਇਲਾਕੇ ਵਿੱਚ ਤਾਂ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਕੁਝ ਮੁਕਾਬਲੇ ਵਿੱਚ ਸਨ ਪਰ ਭਾਜਪਾ ਨਹੀਂ ਹੈ। ਹੁਣ ਜਿਸ ਢੰਗ ਨਾਲ ਡੇਰਾ ਮੁਖੀ ਨੂੰ ਮੈਦਾਨ ਵਿੱਚ ਲਿਆਂਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਡੇਰੇ ਵਲੋਂ ਆਪਣੇ ਪ੍ਰੇਮੀਆਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਭੁਗਤਾਉਣ ਦੇ ਸੁਨੇਹੇ ਆ ਸਕਦੇ ਹਨ।
ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਿਛਲੇ ਦਿਨੀਂ ਡੇਰੇ ਸਿਰਸਾ ਦੇ ਇੱਕ ਸਮਾਗਮ ਵਿੱਚ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਵੀ ਨਜ਼ਰ ਆਏ ਸਨ। ਜਿਆਣੀ ਨੇ ਤਾਂ ਡੇਰਾ ਮੁਖੀ ਨੂੰ ਮਹਾਤਮਾ ਕਿਹਾ ਸੀ ਤੇ ਗਰੇਵਾਲ ਨੇ ਡੇਰੇ ਦੇ ਲੋਕ ਭਲਾਈ ਕੰਮਾਂ ਦੀ ਪ੍ਰਸ਼ੰਸਾ ਕੀਤੀ ਸੀ। ਇਥੋਂ ਇਹ ਸੰਕੇਤ ਮਿਲੇ ਸਨ ਕਿ ਭਾਜਪਾ ਆਗੂ ਡੇਰੇ ਦਾ ਸਮਰਥਨ ਹਾਸਲ ਕਰੇਗੀ।
ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜੋ ਕਿ ਕਿਸੇ ਸਮੇਂ ਡੇਰਾ ਮੁਖੀ ਦਾ ਆਸ਼ੀਰਵਾਦ ਲੈਂਦੇ ਰਹੇ ਹਨ, ਦੁਆਰਾ ਡੇਰਾ ਮੁਖੀ ਦੀ ਪੈਰੋਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਅਤੇ ਡੇਰਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ ਕਰਨ ਦੀਆਂ ਘਟਨਾਵਾਂ ਨੇ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਸੀ। ਇਹ ਮੁੱਦੇ ਹੁਣ ਤੱਕ ਅਕਾਲੀ ਦਲ ਦਾ ਖਹਿੜਾ ਨਹੀਂ ਛੱਡ ਰਹੇ। ਇਸੇ ਕਾਰਨ ਅਕਾਲੀ ਦਲ ਨੂੰ ਹੁਣ ਪੰਥਕ ਸਟੈਂਡ ਲਿਆ ਹੈ। ਅਜਿਹੀ ਪ੍ਰਤੀਕ੍ਰਿਆ ਦਿਖਾ ਕੇ ਅਕਾਲੀ ਦਲ ਆਪਣੇ ਨਾਲੋਂ ਟੁੱਟੇ ਸਿੱਖ ਵੋਟਰਾਂ ਨੂੰ ਮੋੜਨਾ ਚਾਹ ਰਿਹਾ ਹੈ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਦੁਆਰਾ ਕੋਈ ਤਿੱਖੀ ਪ੍ਰਤੀਕਿਆ ਦਿਖਾਈ ਨਹੀਂ ਗਈ।
ਡੇਰਾ ਮੁਖੀ ਦੀ ਛੁੱਟੀ ਕਾਂਗਰਸ ਤੇ ਆਮ ਆਦਮੀ ਪਾਰਟੀ ਉਤੇ ਭਾਰੀ ਵੀ ਪੈ ਸਕਦੀ ਹੈ। ਮਾਲਵੇ ਇਲਾਕੇ ਵਿੱਚ ਜਿਥੇ ‘ਆਪ’ ਇਹ ਦਾਅਵੇ ਕਰਦੀ ਆ ਰਹੀ ਹੈ ਕਿ ਇਥੋਂ ਉਹ ਵੱਡੀ ਜਿੱਤ ਹਾਸਲ ਕਰੇਗੀ, ਹੁਣ ਉਸ ਨੂੰ ਗਰੀਬ ਤਬਕੇ ਖਾਸ ਤੌਰ ‘ਤੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੇਣੀਆਂ ਦੀ ਵੋਟ ਦੇ ਪੈਣ ਉਤੇ ਪ੍ਰਸ਼ਨਚਿੰਨ੍ਹ ਲੱਗ ਸਕਦੇ ਹਨ ਕਿਉਂਕਿ ਇਨ੍ਹਾਂ ਵਰਗਾਂ ਦੇ ਲੋਕ ਹੀ ਡੇਰਾ ਸਿਰਸਾ ਨਾਲ ਜੁੜੇ ਹੋਏ ਹਨ। ਹੁਣ ਉਹ ਡੇਰਾ ਮੁਖੀ ਦੇ ਇਸ਼ਾਰੇ ਉਤੇ ਹੀ ਵੋਟ ਪਾਉਣਗੇ।
ਇਹੀ ਹਾਲ ਕਾਂਗਰਸ ਦਾ ਵੀ ਹੈ। ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਤਾਂ ਹੀ ਖੜਾਇਆ ਹੈ ਤਾਂ ਜੋ ਇਸ ਖੇਤਰ ਵਿੱਚ ਅਨੁਸੂਚਿਤ ਜਾਤੀ ਦੀ ਵੋਟ ਨੂੰ ਪ੍ਰਭਾਵਿਤ ਕੀਤਾ ਜਾ ਸਕੇ।
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਭਾਜਪਾ ਦੇ ਇਸ਼ਾਰੇ ਉਤੇ ਹੋਈ ਡੇਰਾ ਮੁਖੀ ਨੂੰ ਮਿਲੀ 21 ਦਿਨਾਂ ਦੀ ਛੁੱਟੀ ਪੰਜਾਬ ਦੇ ਸਿਆਸੀ ਹਾਲਾਤ ਨੂੰ ਇਕ ਦਮ ਬਦਲ ਸਕਦੀ ਹੈ ਅਤੇ ਭਾਜਪਾ ਜਿਸ ਨੂੰ ਹੁਣ ਤੱਕ ਸਿਆਸੀ ਚੋਣ ਦੀ ਦੌੜ ਵਿੱਚ ਫਾਡੀ ਗਿਣਿਆ ਜਾ ਰਿਹਾ ਸੀ, ਉਹ ਦੂਜੀਆਂ ਪਾਰਟੀਆਂ ਨਾਲ ਬਰਾਬਰ ਦੀ ਦੌੜ ਵਿੱਚ ਪੁੱਜ ਸਕਦੀ ਹੈ।