ਲੁਧਿਆਣਾ, 8 ਫਰਵਰੀ- ਲੁਧਿਆਣਾ ਪੁਲਿਸ ਨੇ ਮੰਗਲਵਾਰ ਨੂੰ ਆਤਮ ਨਗਰ ਤੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਸ ਨੂੰ ਗਿਲ ਬਾਜ਼ਾਰ, ਸ਼ਿਮਲਾਪੁਰੀ ਵਿਖੇ ਸੋਮਵਾਰ ਦੀ ਝੜਪ ਲਈ ਗ੍ਰਿਫਤਾਰ ਕੀਤਾ ਗਿਆ, ਜਿਸ ਵਿਚ ਆਤਮ ਨਗਰ ਹਲਕੇ ਤੋਂ ਪਾਰਟੀ ਉਮੀਦਵਾਰ ਦਾ ਸਮਰਥਨ ਕਰ ਰਹੇ ਕਾਂਗਰਸੀ ਵਰਕਰਾਂ ‘ਤੇ ਐਲਆਈਪੀ ਵਰਕਰਾਂ ਨੇ ਕਥਿਤ ਤੌਰ ‘ਤੇ ਹਮਲਾ ਕੀਤਾ ਸੀ।
ਘਟਨਾ ਤੋਂ ਬਾਅਦ ਬੈਂਸ, ਉਸ ਦੇ ਪੁੱਤਰ ਅਤੇ 32 ਹੋਰਾਂ ‘ਤੇ ਹੱਤਿਆ ਦੀ ਕੋਸ਼ਿਸ਼ ਅਤੇ ਹੋਰ ਧਾਰਾਵਾਂ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।
ਇਸ ਘਟਨਾ ਵਿੱਚ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਦੀ ਟੋਇਟਾ ਫਾਰਚੂਨਰ ਨੂੰ ਕਥਿਤ ਤੌਰ ’ਤੇ ਐਲਆਈਪੀ ਵਰਕਰਾਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ। ਇੱਥੋਂ ਤੱਕ ਕਿ ਕਥਿਤ ਤੌਰ ‘ਤੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ ਗਈਆਂ।
ਬੈਂਸ ਮੰਗਲਵਾਰ ਨੂੰ ਕੋਰਟ ਕੰਪਲੈਕਸ ਵਿਚ ਵਕੀਲਾਂ ਦੇ ਚੈਂਬਰ ਵਿਚ ਵਕੀਲਾਂ ਦੀ ਬੁਲਾਈ ਗਈ ਮੀਟਿੰਗ ਵਿਚ ਸ਼ਾਮਲ ਹੋਣ ਲਈ ਗਏ ਸਨ।
ਜਦੋਂ ਮੀਟਿੰਗ ਚੱਲ ਰਹੀ ਸੀ ਤਾਂ ਪੁਲੀਸ ਅਧਿਕਾਰੀ ਮੀਟਿੰਗ ਰੂਮ ਵਿੱਚ ਦਾਖ਼ਲ ਹੋਏ ਪਰ ਜਦੋਂ ਵਕੀਲਾਂ ਨੇ ਬੈਂਸ ਨੂੰ ਕੰਪਲੈਕਸ ਵਿੱਚੋਂ ਗ੍ਰਿਫ਼ਤਾਰ ਕਰਨ ’ਤੇ ਇਤਰਾਜ਼ ਜਤਾਇਆ ਤਾਂ ਪੁਲੀਸ ਨੇ ਅਦਾਲਤ ਦੇ ਸਾਰੇ ਬਾਹਰ ਜਾਣ ਵਾਲੇ ਰਸਤਿਆਂ ਨੂੰ ਘੇਰ ਲਿਆ। ਜਦੋਂ ਬੈਂਸ ਆਪਣੇ ਸਮਰਥਕਾਂ ਸਮੇਤ ਬਾਹਰ ਆਏ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਐਲ.ਆਈ.ਪੀ. ਵਰਕਰਾਂ ਨੇ ਪੁਲਿਸ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਬੈਂਸ ਨੂੰ ਅਦਾਲਤੀ ਕੰਪਲੈਕਸ ਤੋਂ ਲਿਜਾਇਆ ਗਿਆ, ਪਰ ਕੁਝ ਮਿੰਟਾਂ ਦੇ ਵਿਰੋਧ ਤੋਂ ਬਾਅਦ ਪੁਲਿਸ ਵਿਧਾਇਕ ਨੂੰ ਨਾਲ ਲੈ ਗਈ।
ਬੈਂਸ ਖ਼ਿਲਾਫ਼ ਆਈਪੀਸੀ ਦੀ ਧਾਰਾ 307, 427, 148, 149, 506 ਅਤੇ 188, ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 51, ਮਹਾਂਮਾਰੀ ਰੋਗ ਐਕਟ ਦੀ ਧਾਰਾ 3 ਅਤੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 127 ਅਤੇ 33 ਤਹਿਤ ਕੇਸ ਦਰਜ ਕੀਤਾ ਗਿਆ ਹੈ।