ਪੰਜਾਬ ਵਿੱਚ ਨਸ਼ਾ ਮੁਕਤ ਅਤੇ ਨਸ਼ਾ ਰਹਿਤ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਲਈ ਸੂਬੇ ਵਿੱਚ ਮਿਆਰੀ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਕੁੱਲ 407.15 ਕਰੋੜ ਰੁਪਏ ਦੀਆਂ ਵਸਤੂਆਂ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ.ਐਸ.ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਵੱਖ-ਵੱਖ ਨਿਗਰਾਨੀ ਟੀਮਾਂ ਨੇ ਹੁਣ ਤੱਕ 1.18 ਲੱਖ ਲੀਟਰ ਸ਼ਰਾਬ, 34650 ਲੀਟਰ ਨਾਜਾਇਜ਼ ਸ਼ਰਾਬ, 15.53 ਲੱਖ ਲੀਟਰ ਲਾਹਣ, 4170 ਕਿਲੋਗ੍ਰਾਮ ਭੁੱਕੀ ਜ਼ਬਤ ਕੀਤੀ ਹੈ। 32.70 ਕਿਲੋ ਅਫੀਮ, 164 ਕਿਲੋ ਭੰਗ, 33141 ਗ੍ਰਾਮ ਹੈਰੋਇਨ, 263 ਗ੍ਰਾਮ ਸਮੈਕ, 7456 ਗ੍ਰਾਮ ਚਰਸ, 10784 ਕੈਪਸੂਲ, 479 ਸ਼ੀਸ਼ੀਆਂ ਅਤੇ 473733 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਟੀਮ ਨੇ 27.85 ਕਰੋੜ ਰੁਪਏ ਦੀ ਨਕਦੀ, 8778.73 ਗ੍ਰਾਮ ਸੋਨਾ, 9775.72 ਗ੍ਰਾਮ ਚਾਂਦੀ ਅਤੇ 913.76 ਗ੍ਰਾਮ ਗਹਿਣੇ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਰਾਜ ਅੰਦਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਤੱਕ 121 ਹਥਿਆਰ, 6 ਕਿਲੋ ਵਿਸਫੋਟਕ, 709 ਰੌਂਦ ਅਤੇ 11 ਬੰਬ ਜ਼ਬਤ ਕੀਤੇ ਜਾ ਚੁੱਕੇ ਹਨ ਅਤੇ ਕੁੱਲ 14 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।