PM ਮੋਦੀ ਦੀ ਰੈਲੀ ਕਾਰਨ ਦੋ ਵਾਰ ਰੋਕਿਆ ਗਿਆ CM ਚੰਨੀ ਦਾ ਚੌਪਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੌਪਰ ਨੂੰ ਹੁਸ਼ਿਆਰਪੁਰ ਤੋਂ ਬਾਅਦ ਹੁਣ ਸੁਜਾਨਪੁਰ ਤੋਂ ਵੀ ਮੁੜ ਉਡਾਉਣ ਦੀ ਮਨਜ਼ਰੂੀ ਨਹੀਂ ਦਿੱਤੀ ਗਈ। ਪ੍ਰਧਾਨ ਮੰਤਰੀ ਮੋਦੀ ਦੀ ਅੱਜ ਜਲੰਧਰ ’ਚ ਰੈਲੀ ਸੀ, ਜਿਸ ਕਾਰਨ ਨੋ ਫਲਾਈ ਜ਼ੋਨ ਦੇ ਚੱਲਦਿਆਂ ਮੁੱਖ ਮੰਤਰੀ ਦੇ ਚੌਪਰ ਨੂੰ ਉਡਾਉਣ ਦੀ ਪ੍ਰਸ਼ਾਸਨ ਵਲੋਂ ਮਨਜ਼ੂਰੀ ਨਹੀਂ ਦਿੱਤੀ ਗਈ।
ਦੋ ਵਾਰ ਰੋਕੇ ਜਾਣ ’ਤੇ ਮੁੱਖ ਮੰਤਰੀ ਚੰਨੀ ਗੁੱਸੇ ’ਚ ਭੜਕ ਗਏ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਕੋਈ ਅੱਤਵਾਦੀ ਨਹੀਂ। ਸਵੇਰੇ ਮੇਰੇ ਚੌਪਰ ਨੂੰ ਹੁਸ਼ਿਆਰਪੁਰ ਤੋਂ ਅਤੇ ਹੁਣ ਸੁਜਾਨਪੁਰ ਤੋਂ ਰੋਕ ਦਿੱਤਾ ਗਿਆ। ਚੰਨੀ ਨੇ ਕਿਹਾ ਕਿ ਮੈਨੂੰ ਬਿਨਾਂ ਕਿਸੇ ਕਾਰਨ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇੱਕ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਰੋਕਣਾ ਬਹੁਤ ਗਲਤ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਹੁਸ਼ਿਆਰਪੁਰ ਵਿਚ ਕੀਤੀ ਜਾਣ ਵਾਲੀ ਚੋਣ ਰੈਲੀ ਵਿਚ ਮੁੱਖ ਮੰਤਰੀ ਚੰਨੀ ਨੇ ਵੀ ਸ਼ਾਮਿਲ ਹੋਣਾ ਸੀ। ਚੌਪਰ ਨੂੰ ਮਨਜ਼ੂਰੀ ਨਾ ਮਿਲਣ ਕਾਰਨ ਮੁੱਖ ਮੰਤਰੀ ਚੰਨੀ ਰਾਹੁਲ ਗਾਂਧੀ ਦੀ ਰੈਲੀ ਵਿੱਚ ਪਹੁੰਚ ਨਹੀਂ ਸਕੇ। ਮੁੱਖ ਮੰਤਰੀ ਚੰਨੀ ਨੂੰ ਹੁਸ਼ਿਆਰਪੁਰ ਤੋਂ ਸੁਜਾਨਪੁਰ ਭੇਜ ਦਿੱਤਾ ਗਿਆ ਅਤੇ ਸੁਜਾਨਪੁਰ ਤੋਂ ਵੀ ਚੰਨੀ ਦੇ ਚੌਪਰ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਹੁਣ ਜਲੰਧਰ ’ਚ ਹੋਣ ਵਾਲੀ ਰੈਲੀ ’ਚ ਪਹੁੰਚਣ ਲਈ ਮੁੱਖ ਮੰਤਰੀ ਕਾਰ ’ਚ ਸਫ਼ਰ ਕਰ ਰਹੇ ਹਨ।