ਗੁਰਦੁਆਰਾ ਸਾਹਿਬ ’ਚ ਸੀਮਤ ਕੀਤੀ ਜਾਵੇਗੀ ਸਿਰੋਪਾਓ ਦੀ ਵਰਤੋਂ: ਐਡਵੋਕੇਟ ਧਾਮੀ
ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਘਰਾਂ ਅੰਦਰ ਸਿਰੋਪਾਓ ਦੇ ਪ੍ਰਯੋਗ ਕਰਨ ਸੰਬੰਧੀ ਵੱਡਾ ਫ਼ੈਸਲਾ ਲਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਿਰੋਪਾਓ ਦੀ ਵਰਤੋਂ ਸੀਮਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਘਰ ਪੁੱਜਣ ਵਾਲੀਆਂ ਅਹਿਮ ਸ਼ਖ਼ਸੀਅਤਾਂ, ਵੀ.ਆਈ.ਪੀਜ਼, ਸਰਕਾਰ ਦੇ ਆਗੂ ਆਦਿ ਨੂੰ ਗੁਰੂ ਦਰਬਾਰ ਵਿੱਚ ਸਿਰੋਪਾਓ ਨਹੀਂ ਦਿੱਤੇ ਜਾਣਗੇ।
ਧਾਮੀ ਨੇ ਕਿਹਾ ਕਿ ਉਪਰੋਕਤ ਸਾਰੀਆਂ ਸ਼ਖ਼ਸੀਅਤਾਂ ਨੂੰ ਹੁਣ ਗੁਰੂ ਦਰਬਾਰ ਦੀ ਬਜਾਏ ਪ੍ਰਬੰਧਕੀ ਦਫ਼ਤਰਾਂ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਦਫ਼ਤਰ ਵਿੱਚ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਸਿਰੋਪਾਓ ਦੀ ਵਰਤੋਂ ਬੰਦ ਕਰ ਦਿੱਤੀ ਜਾਵੇਗੀ।
ਧਾਮੀ ਨੇ ਕਿਹਾ ਕਿ ਇਸ ਤਹਿਤ ਆਉਣ ਵਾਲੇ ਸਮੇਂ ਵਿੱਚ ਦਰਬਾਰ ਦੇ ਅੰਦਰ ਗੁਰਦੁਆਰਾ ਸਾਹਿਬ ਵਿੱਚ ਸਿਰੋਪਾਓ ਦੇਣ ਲਈ ਨਿਯਮ ਬਣਾਏ ਜਾਣਗੇ ਜਿਸ ਵਿੱਚ ਪੰਥਕ ਰਵਾਇਤਾਂ ਨੂੰ ਲਾਗੂ ਕੀਤਾ ਜਾਵੇਗਾ।