Alberta: ਜੰਗਲੀ ਅੱਗ ‘ਤੇ ਕਾਬੂ ਪਾਉਂਦਿਆਂ ਇੱਕ ਹੈਲੀਕੌਪਟਰ ਹਾਦਸਾਗ੍ਰਸਤ, ਪਾਇਲਟ ਦੀ ਮੌਤ
ਉੱਤਰ-ਪੱਛਮੀ ਐਲਬਰਟਾ ਵਿਚ ਜੰਗਲੀ ਅੱਗ ‘ਤੇ ਕਾਬੂ ਪਾਉਂਦਿਆਂ ਇੱਕ ਹੈਲੀਕੌਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਇਸਦੇ 41 ਸਾਲ ਦੇ ਪਾਇਲਟ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਸ਼ਾਮ ਨੂੰ 6 ਵਜੇ ਵਾਪਰਿਆ ਦੱਸਿਆ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਕ੍ਰੈਸ਼ ਐਲਬਰਟਾ ਦੇ ਪੀਸ ਰਿਵਰ ਖੇਤਰ ਵਿਚ ਪੈਂਦੇ ਮੈਨਿੰਗ ਕਸਬੇ ਦੇ ਨਜ਼ਦੀਕ ਹਿਗ ਲੇਕ ਕੋਲ ਹੋਇਆ ਹੈ। TSB ਦੇ ਬੁਲਾਰੇ ਕ੍ਰਿਸ ਕ੍ਰੈਪਸਕੀ ਨੇ ਦੱਸਿਆ ਕਿ Bell 205 A ਹੈਲੀਕੌਪਟਰ ਵਿਚ ਪਾਇਲਟ ਇਕੱਲਾ ਹੀ ਮੌਜੂਦ ਸੀ।
ਉਸਨੇ ਦੱਸਿਆ ਕਿ ਇਹ ਪਾਇਲਟ ਜੰਗਲੀ ਅੱਗ ‘ਤੇ ਹੈਲੀਕੌਪਟਰ ਰਾਹੀਂ ਪਾਣੀ ਸੁੱਟ ਕੇ ਅੱਗ ‘ਤੇ ਕਾਬੂ ਪਾਉਣ ਦੇ ਓਪਰੇਸ਼ਨਜ਼ ਵਿਚ ਸ਼ਾਮਲ ਸੀ ।ਅਧਿਕਾਰੀਆਂ ਨੇ ਦੱਸਿਆ ਕਿ ਜਿਸ ਇਲਾਕੇ ਵਿਚ ਹੈਲੀਕੌਪਟਰ ਕ੍ਰੈਸ਼ ਹੋਇਆ ਸੀ, ਉਹ ਇਲਾਕਾ ਸੜਕ ਦੁਆਰਾ ਪਹੁੰਚਯੋਗ ਨਹੀਂ ਸੀ ਅਤੇ ਆਰਸੀਐਮਪੀ ਹੈਲੀਕੌਪਟਰ ਰਾਹੀਂ ਘਟਨਾ ਸਥਾਨ ‘ਤੇ ਪਹੁੰਚੀ ਸੀ। ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ (TSB) ਔਫ਼ ਕੈਨੇਡਾ ਦੇ ਜਾਂਚਕਰਤਾ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਰਵਾਨਾ ਹੋ ਚੁੱਕੇ ਹਨ।