ਪੀਲ ਰੀਜਨਲ ਪੁਲਿਸ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਅਤੇ ਮਾਲਟਨ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਵਾਪਰੇ ਹਮਲਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ 11 ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਕੁਝ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਨੂੰ ਇਨ੍ਹਾਂ ਦੀ ਸ਼ਨਾਖਤ ਕਰਨ ਲਈ ਸਹਿਯੋਗ ਦੀ ਅਪੀਲ ਕੀਤੀ ਹੈ।
ਜਾਂਚ ਦੇ ਦੌਰਾਨ ਪੁਲਿਸ ਵੱਲੋਂ ਸੈਂਕੜੇ ਵੀਡੀਓਜ਼ ਖੰਗਾਲੀਆਂ ਜਾ ਰਹੀਆਂ ਹਨ। ਇਹ ਘਟਨਾਵਾਂ ਹਮਲੇ, ਸਰੀਰਕ ਨੁਕਸਾਨ, ਪੁਲਿਸ ‘ਤੇ ਹਮਲਾ ਅਤੇ ਨਫ਼ਰਤ ਭੜਕਾਉਣ ਨਾਲ ਜੁੜੀਆਂ ਮੰਨੀਆਂ ਜਾ ਰਹੀਆਂ ਹਨ। ਇਸ ਸਬੰਧੀ ਪੁਲਿਸ ਨੇ ਲੋਕਾਂ ਨੂੰ ਪੁੱਛਗਿੱਛ ਲਈ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਜਿਹੜੇ ਵੀ ਲੋਕ ਤਸਵੀਰਾਂ ਵਿੱਚ ਦਿਖ ਰਹੇ ਵਿਅਕਤੀਆਂ ਦੀ ਪਹਿਚਾਣ ਕਰਨ ਵਿੱਚ ਮਦਦ ਕਰ ਸਕਦੇ ਹਨ, ਉਹ ਮਿਸੀਸਾਗਾ ਜਾਂ ਬਰੈਂਪਟਨ ਦੀ ਪੁਲਿਸ ਨਾਲ ਗੱਲਬਾਤ ਕਰ ਸਕਦੇ ਹਨ। ਇਹਨਾਂ ਮਾਮਲਿਆਂ ਨੂੰ ਲੈ ਕੇ ਕੁਝ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ। ਗੁਪਤ ਜਾਣਕਾਰੀ ਦੇਣ ਲਈ ਲੋਕ ਕ੍ਰਾਈਮ ਸਟਾਪਰਜ਼ ਨਾਲ ਵੀ ਸੰਪਰਕ ਕਰ ਸਕਦੇ ਹਨ।
ਇਸ ਤੋਂ ਇਲਾਵਾ, ਵਿੰਡਸਰ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਵੀ ਗੰਭੀਰ ਬਣੀ ਹੋਈ ਹੈ। ਪੁਲਿਸ ਨੇ 21 ਸਾਲ ਦੇ ਜਸ਼ਨਪ੍ਰੀਤ ਸਿੰਘ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਵਿੰਡਸਰ ਪੁਲਿਸ ਮੁਤਾਬਕ, ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਇੱਕ ਹਲਕੇ ਰੰਗ ਦੀ ਮਿੰਨੀਵੈਨ ਕੁਝ ਲੋਕਾਂ ਦੇ ਇਕੱਠ ਕੋਲ ਪੁੱਜੀ ਤੇ ਪੈਸੇਂਜਰ ਸਾਈਡ ਤੋਂ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿੱਚ ਇੱਕ ਵਿਅਕਤੀ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ।
ਜਾਂਚ ਦੌਰਾਨ ਪੁਲਿਸ ਨੇ ਜਸ਼ਨਪ੍ਰੀਤ ਸਿੰਘ ਨੂੰ ਗੋਲੀਬਾਰੀ ‘ਚ ਮੁੱਖ ਸ਼ੱਕੀ ਵਜੋਂ ਸ਼ਨਾਖਤ ਕੀਤਾ ਹੈ। ਉਸ ‘ਤੇ ਇਰਾਦਾ ਕਤਲ, ਹਥਿਆਰ ਚਲਾਉਣ, ਜਾਨੋ ਮਾਰਨ ਦੀਆਂ ਧਮਕੀਆਂ ਅਤੇ ਗੱਡੀ ਵਿੱਚ ਹਥਿਆਰ ਰੱਖਣ ਵਰਗੇ ਦੋਸ਼ ਲਾਏ ਗਏ ਹਨ। ਜਸ਼ਨਪ੍ਰੀਤ ਦੀ ਸੰਭਾਵਤ ਰਿਹਾਇਸ਼ ਬਰੈਂਪਟਨ ‘ਚ ਦੱਸੀ ਜਾ ਰਹੀ ਹੈ। ਪੁਲਿਸ ਨੇ ਕੈਨੇਡਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਸ਼ੱਕੀ ਬਾਰੇ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਵਿੰਡਸਰ ਪੁਲਿਸ ਨਾਲ ਜਾਂ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰੇ।
ਇਹਨਾਂ ਘਟਨਾਵਾਂ ਨੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ, ਪਰ ਪੁਲਿਸ ਗੰਭੀਰਤਾ ਨਾਲ ਕਾਰਵਾਈ ਕਰ ਰਹੀ ਹੈ ਅਤੇ ਉਮੀਦ ਹੈ ਕਿ ਦੋਸ਼ੀ ਜਲਦੀ ਕਾਨੂੰਨ ਦੇ ਘੇਰੇ ‘ਚ ਲਿਆਂਦੇ ਜਾਣਗੇ।