ਬੱਚਿਆਂ ਦੀ ਵੈਕਸੀਨੇਸ਼ਨ ਦਾ ਮਾਪੇ ਕਿਉ ਕਰ ਰਹੇ ਨੇ ਵਿਰੋਧ?
ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਦੇ ਖ਼ਿਲਾਫ਼ ਹੋਣ ਵਾਲੇ ਮਾਪਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਬੁੱਧਵਾਰ ਨੂੰ ਜਾਰੀ ਹੋਏ ਐਂਗਸ ਰੀਡ ਇੰਸਟੀਟਿਊਟ ਦੇ ਸਰਵੇਖਣ ਵਿਚ 17% ਮਾਪਿਆਂ ਨੇ ਕਿਹਾ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵੈਕਸੀਨ ਦਿੱਤੇ ਜਾਣ ਦੇ ਸਚਮੁੱਚ ਖ਼ਿਲਾਫ਼ ਹਨ। 2019 ਵਚਿ ਅਜਿਹੇ ਮਾਪਿਆਂ ਦੀ ਪ੍ਰਤੀਸ਼ਤਤਾ 4% ਸੀ।
67% ਮਾਪਿਆਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਝਿਜਕ ਦੇ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣਗੇ, ਹਾਲਾਂਕਿ ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਇੱਹ ਪ੍ਰਤੀਸ਼ਤਤਾ ਘਟੀ ਹੈ। 16% ਮਾਪਿਆਂ ਨੇ ਕਿਹਾ ਕਿ ਉਹ ਇਸ ਬਾਰੇ ਯਕੀਨ ਨਾਲ ਨਹੀਂ ਕਹਿ ਸਕਦੇ।
ਮਾਪਿਆਂ ਨੇ ਇਹ ਵੀ ਕਿਹਾ ਕਿ ਉਹ ਸਕੂਲ ਵਿੱਚ ਲਾਜ਼ਮੀ ਟੀਕਾਕਰਨ ਦਾ ਵਿਰੋਧ ਕਰਦੇ ਹਨ, ਜੋ ਕਿ ਓਨਟੇਰਿਓ ਅਤੇ ਨਿਊ ਬਰੰਜ਼ਵਿਕ ਵਿੱਚ ਸਰਕਾਰੀ ਪੌਲਿਸੀ ਹੈ। ਸਕੂਲ ਵਿੱਚ ਲਾਜ਼ਮੀ ਟੀਕਾਕਰਨ ਦਾ ਵਿਰੋਧ 2019 ਤੋਂ 2024 ਦਰਮਿਆਨ 24 ਫੀਸਦੀ ਤੋਂ ਵਧ ਕੇ 38 ਫੀਸਦੀ ਹੋ ਗਿਆ ਹੈ।
ਮੌਂਟਰੀਅਲ ਵਿਚ ਬੱਚਿਆਂ ਦੀ ਡਾਕਟਰ ਨੇ ਕਿਹਾ ਸੰਭਾਵੀ ਤੌਰ ‘ਤੇ ਕੋਵਿਡ ਮਹਾਂਮਾਰੀ ਨੇ ਵੈਕਸੀਨੇਸ਼ਨ ਨੂੰ ਲੈਕੇ ਕੈਨੇਡੀਅਨਜ਼ ਦੇ ਮਨਾਂ ਵਿਚ ਸ਼ੰਕੇ ਪੈਦਾ ਕੀਤੇ ਹਨ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਜਿੱਥੇ ਮਾਪੇ ਇੱਕ ਸਿਹਤ ਪ੍ਰਦਾਤਾ ਨਾਲ ਮਿਲ ਸਕਦੇ ਹਨ ਅਤੇ ਸਵਾਲ ਪੁੱਛ ਸਕਦੇ ਹਨ, ਮਾਪਿਆਂ ਦੀ ਚਿੰਤਾ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਰੁਟੀਨ ਟੀਕੇ ਸੁਰੱਖਿਅਤ ਅਤੇ ਪ੍ਰਭਾਵੀ ਹਨ, ਅਤੇ ਖਸਰੇ ਵਰਗੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਾਪਤ ਕਰਨ ਵਿੱਚ ਅਸਫਲ ਰਹਿਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ, ਨਾ ਸਿਰਫ ਆਪਣੇ ਬੱਚਿਆਂ ਲਈ, ਬਲਕਿ ਉਹਨਾਂ ਹੋਰ ਹਾਸ਼ੀਆਗਤ ਲੋਕਾਂ ਲਈ ਵੀ ਜੋ ਟੀਕਾਕਰਨ ਦੇ ਯੋਗ ਨਹੀਂ ਹਨ।
ਮਹਾਂਮਾਰੀ ਦੌਰਾਨ ਬਚਪਨ ਦੇ ਰੁਟੀਨ ਟੀਕਾਕਰਨ ਘਟਣ ਤੋਂ ਬਾਅਦ, ਦੇਸ਼ ਭਰ ਦੇ ਪਬਲਿਕ ਹੈਲਥ ਅਧਿਕਾਰੀ ਕੈਨੇਡੀਅਨ ਬੱਚਿਆਂ ਦਾ ਸਮੇਂ-ਅਨੁਕੂਲ ਟੀਕਾਕਰਨ ਕਰਵਾਉਣ ‘ਤੇ ਕੰਮ ਕਰ ਰਹੇ ਹਨ।
ਖਸਰਾ ਦੇ ਮਾਮਲੇ ਹਾਲ ਹੀ ਵਿੱਚ ਯੂਰਪ ਦੇ ਨਾਲ-ਨਾਲ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਵੀ ਵਧੇ ਹਨ। ਮਾਹਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕੈਨੇਡਾ ਵਿਚ ਵੀ ਜਲਦੀ ਹੀ ਖਸਰਾ ਦੇ ਮਾਮਲੇ ਵਧ ਸਕਦੇ ਹਨ।