ਭਾਰਤ ਦਾ ਕੈਨੇਡਾ ਤੋਂ ਦਾਲ ਦਾ ਆਯਾਤ ਤਣਾਅ ਦੇ ਬਾਵਜੂਦ ਵਧਿਆ
ਭਾਰਤ ਅਤੇ ਕੈਨੇਡਾ ਦਰਮਿਆਨ ਚਲ ਰਹੇ ਕੂਟਨੀਤਕ ਵਿਵਾਦ ਦੇ ਬਾਵਜੂਦ 2023 ਵਿਚ ਭਾਰਤ ਦਾ ਕੈਨੇਡਾ ਤੋਂ ਦਾਲਾਂ ਦਾ ਆਯਾਤ ਦੁੱਗਣੇ ਤੋਂ ਵੀ ਵਧੇਰੇ ਹੋਇਆ। ਸਰਕਾਰੀ ਅਤੇ ਉਦਯੋਗ ਅਧਿਕਾਰੀਆਂ ਨੇ ਦੱਸਿਆ ਕਿ ਉਤਪਾਦਨ ਵਿੱਚ ਕਮੀ ਦੇ ਕਾਰਨ ਭਾਰਤ ਵੱਲੋਂ ਵਿਦੇਸ਼ੀ ਖ਼ਰੀਦ ਵਧਾਈ ਗਈ ਹੈ।
ਪਿਛਲੇ ਸਾਲ ਸਤੰਬਰ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਕਾਰਕੁਨ ਅਤੇ ਕੈਨੇਡੀਅਨ ਨਾਗਰਿਕ, ਹਰਦੀਪ ਸਿੰਘ ਨਿੱਝਰ ਦੀ ਮੌਤ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਦੋਵਾਂ ਦੋਸ਼ਾਂ ਦੇ ਸਬੰਧਾਂ ਵਿਚ ਕੜਵਾਹਟ ਸੀ। ਭਾਰਤ ਨਿੱਝਰ ਦੇ ਕਤਲ ਵਿਚ ਕਿਸੇ ਕਿਸਮ ਦੀ ਸ਼ਮੂਲੀਅਤ ਤੋਂ ਇਨਕਾਰ ਕਰਦਾ ਰਿਹਾ ਹੈ।
ਟਰੂਡੋ ਦੀਆਂ ਟਿੱਪਣੀਆਂ ਤੋਂ ਬਾਅਦ ਭਾਰਤ ਜਾਂ ਕੈਨੇਡਾ ਵੱਲੋਂ ਵਪਾਰ ਉੱਪਰ ਪਾਬੰਦੀਆਂ ਲਗਾਏ ਜਾਣ ਦੇ ਡਰ ਤੋਂ ਭਾਰਤੀ ਦਾਲ ਖ਼ਰੀਦਦਾਰਾਂ ਨੇ ਕੈਨੇਡਾ ਤੋਂ ਦਾਲ ਦੀ ਖ਼ਰੀਦ ਧੀਮੀ ਕਰ ਦਿੱਤੀ ਸੀ।ਪਰ ਅਜਿਹਾ ਥੋੜ੍ਹੇ ਸਮੇਂ ਲਈ ਹੀ ਸੀ। ਇੱਕ ਸਰਕਾਰੀ ਸੂਤਰ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ 2023 ਵਿੱਚ ਕੈਨੇਡਾ ਤੋਂ ਭਾਰਤ ਦੀ ਦਾਲ ਦੀ ਦਰਾਮਦ ਪਿਛਲੇ ਸਾਲ ਦੇ ਮੁਕਾਬਲੇ 120% ਵੱਧ ਕੇ 851,284 ਮੀਟ੍ਰਿਕ ਟਨ ਦਰਜ ਹੋਈ।
ਮੁੰਬਈ ਅਧਾਰਤ ਇੱਕ ਡੀਲਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਸਤੰਬਰ ਵਿਚ ਭਾਰਤ-ਕੈਨੇਡਾ ਤਣਾਅ ਸ਼ੁਰੂ ਹੋਣ ਤੋਂ ਬਾਅਦ, ਖ਼ਰੀਦਾਰਾਂ ਨੇ ਹੋਰ ਵਿਕਲਪ ਲੱਭਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਸਨ। ਡੀਲਰ ਨੇ ਕਿਹਾ, ਉੱਚ ਕਿਰਾਇਆਂ ਦੇ ਬਾਵਜੂਦ ਕੈਨੇਡੀਅਨ ਸਪਲਾਈ ਸਭ ਤੋਂ ਬਿਹਤਰ ਸੀ।
ਭਾਰਤ ਦਾ ਦਾਲ ਆਯਾਤ 2022 ਦੇ ਮੁਕਾਬਲੇ 2023 ਵਿੱਚ 162% ਵਧ ਕੇ ਰਿਕਾਰਡ 1.68 ਮਿਲੀਅਨ ਟਨ ਤੱਕ ਪਹੁੰਚ ਗਿਆ ਸੀ, ਜਿਸ ਦੀ ਲਾਗਤ 1.25 ਬਿਲੀਅਨ ਡਾਲਰ ਸੀ। ਨਵੀਂ ਦਿੱਲੀ ਦੇ ਇੱਕ ਵਪਾਰੀ ਨੇ ਦੱਸਿਆ ਕਿ ਭਾਰਤ ਵਿੱਚ ਦਾਲ ਦੀ ਖਪਤ ਲਗਭਗ 3 ਮਿਲੀਅਨ ਟਨ ਤੱਕ ਪਹੁੰਚ ਗਈ ਹੈ, ਪਰ ਉਤਪਾਦਨ ਲਗਭਗ 1.3 ਮਿਲੀਅਨ ਟਨ ‘ਤੇ ਰੁਕਿਆ ਹੋਇਆ ਹੈ।