ਹਾਊਸਿੰਗ ਸੰਕਟ: ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ
ਕੈਨੇਡਾ ਦੀ ਆਬਾਦੀ 40 ਮਿਲੀਅਨ ਦਾ ਅੰਕੜਾ ਪਾਰ ਕਰ ਗਈ। ਜਿਸ ਵਿਚ ਪਿਛਲੇ ਸਾਲ ਦੌਰਾਨ ਹੋਇਆ ਤਕਰੀਬਨ ਸਾਰਾ ਹੀ ਆਬਾਦੀ ਵਾਧਾ ਇਮੀਗ੍ਰੇਸ਼ਨ ਕਰਕੇ ਹੋਇਆ। ਫ਼ੈਡਰਲ ਸਰਕਾਰ ਨੇ ਸਾਲ 2025 ਤੱਕ ਕੈਨੇਡਾ ਵਿਚ ਸਾਲਾਨਾ 500,000 ਪਰਵਾਸੀ ਸੱਦਣ ਦਾ ਟੀਚਾ ਮਿੱਥਿਆ ਹੋਇਆ ਹੈ। ਪਰ ਇਹ ਵਿਕਾਸ ਅਜਿਹੇ ਸਮੇਂ ਤੇ ਹੋ ਰਿਹਾ ਹੈ ਜਦੋਂ ਜ਼ਿਆਦਾਤਰ ਸ਼ਹਿਰਾਂ ਵਿਚ ਬਹੁਤ ਥੋੜੀ ਹਾਊਸਿੰਗ ਉਪਲਬਧ ਹੈ ਅਤੇ ਉਹ ਵੀ ਕਾਫ਼ੀ ਮਹਿੰਗੀ ਹੈ।
ਜਦੋਂ ਵੀ ਕੈਨੇਡਾ ਵਿਚ ਹਾਊਸਿੰਗ ਸੰਕਟ ਬਾਰੇ ਗੱਲ ਹੁੰਦੀ ਹੈ, ਤਾਂ ਵਧਦੀ ਇਮੀਗ੍ਰੇਸ਼ਨ ਦੀ ਦਲੀਲ ਆਮ ਹੀ ਦਿੱਤੀ ਜਾਂਦੀ ਹੈ। ਜੇਕਰ ਕੈਨੇਡਾ ਇੱਥੇ ਮੌਜੂਦ ਲੋਕਾਂ ਨੂੰ ਘਰ ਨਹੀਂ ਦੇ ਸਕਦਾ, ਤਾਂ ਸਾਨੂੰ ਹੋਰ ਲੋਕਾਂ ਨੂੰ ਮੁਲਕ ਵਿਚ ਬੁਲਾਉਣੋਂ ਰੋਕਣਾ ਚਾਹੀਦਾ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਹਾਊਸਿੰਗ ਸੰਕਟ ਲਈ ਇਮੀਗ੍ਰੈਂਟਸ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਸਰ ਸਰਕਾਰ ਦੀ ਅਸਫਲਤਾ ਲਈ ਇਮੀਗ੍ਰੈਂਟਸ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ।
ਮਾਹਰਾਂ ਨੇ ਫ਼ੈਡਰਲ ਸਰਕਾਰ ਵੱਲੋਂ ਵੱਡੇ ਟੀਚੇ ਮਿੱਥਣ ਦੌਰਾਨ ਆਬਾਦੀ ਦੇ ਵਾਧੇ ਦੇ ਅਨੁਕੂਲ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਵਿਚ ਸਰਕਾਰ ਦੇ ਅਸਫਲ ਰਹਿਣ ਦੀ ਗੱਲ ਆਖੀ। ਘਰਾਂ ਦੀ ਕੀਮਤ ਕਰਕੇ ਪਰਵਾਸੀਆਂ ਨੂੰ ਬਾਹਰ ਰੱਖਣ ਦੀ ਗੱਲ ਬਹੁਤ ਨਿਰਾਸ਼ਾਜਨਕ ਹੈ। ਪਰਵਾਸੀ ਖ਼ੁਦ ਹਾਊਸਿੰਗ ਸੰਕਟ ਦੇ ਪ੍ਰਭਾਵਾਂ ਤੋਂ ਸਭ ਤੋਂ ਵੱਧ ਪੀੜਤ ਹਨ। ਨਵੇਂ ਆਉਣ ਵਾਲਿਆਂ ਨੂੰ ਅਕਸਰ ਅਜਿਹੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪਹਿਲਾਂ ਤੋਂ ਹੀ ਇੱਥੇ ਰਹਿ ਰਹੇ ਲੋਕਾਂ ਨੂੰ ਦਰਪੇਸ਼ ਨਹੀਂ ਹੁੰਦੀਆਂ। ਨਵੇਂ ਆਏ ਲੋਕਾਂ ਨੂੰ ਘਰ ਲੱਭਣ ਦੌਰਾਨ ਆਪਣੇ ਧਰਮ, ਆਪਣੇ ਪਰਿਵਾਰਾਂ ਦੇ ਆਕਾਰ ਜਾਂ ਬਣਤਰ ਜਾਂ ਜੇਕਰ ਉਹ ਸ਼ਰਨਾਰਥੀ ਹਨ ਤਾਂ ਸਮਾਜਿਕ ਸਹਾਇਤਾ ‘ਤੇ ਨਿਰਭਰਤਾ ਦੇ ਕਾਰਨ, ਅਕਸਰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੈਨੇਡੀਅਨ ਆਰਥਿਕਤਾ ਦੇ ਮਹਾਂਮਾਰੀ ਚੋਂ ਉੱਭਰਨ ਦੇ ਯੋਗ ਹੋਣ ਦੇ ਮੁੱਖ ਕਾਰਨਾਂ ਵਿਚੋਂ ਇੱਕ ਕਾਰਨ ਇਮੀਗ੍ਰੈਂਟਸ ਸਨ ਅਤੇ ਉਹ ਦੇਸ਼ ਦੀ ਖ਼ੁਸ਼ਹਾਲੀ ਦਾ ਇੱਕ ਅਨਿੱਖੜਵਾਂ ਅੰਗ ਹਨ। ਫ਼ੈਡਰਲ ਸਰਕਾਰ ਅਨੁਸਾਰ ਕੈਨੇਡਾ ਵਿਚ ਕਾਮਿਆਂ ਦੇ ਵਿਕਾਸ ਵਿਚ ਤਕਰੀਬਨ 100 ਫ਼ੀਸਦੀ ਹਿੱਸਾ ਇਮੀਗ੍ਰੇਸ਼ਨ ਦਾ ਹੈ ਅਤੇ ਸਾਲ 2032 ਤੱਕ ਮੁਲਕ ਦੀ ਆਬਾਦੀ ਵਿਕਾਸ ਦਰ ਵਿਚ ਤਕਰੀਬਨ 100 ਫ਼ੀਸਦੀ ਯੋਗਦਾਨ ਇਮੀਗ੍ਰੇਸ਼ਨ ਦਾ ਹੋਵੇਗਾ। ਸਰਕਾਰ ਦੀਆਂ ਨੀਤੀਆਂ ਵਿਚ ਨੁਕਸ ਹਨ, ਅਤੇ ਫ਼ੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਦੀ ਭੂਮਿਕਾ ਅਤੇ ਮੁਲਕ ਦੇ ਬੁਨਿਆਦੀ ਢਾਂਚੇ ਵਿਚ ਫ਼ੰਡਿੰਗ ਦੀ ਜ਼ਰੂਰਤ ਨੂੰ ਸਹੀਂ ਤਰੀਕੇ ਨਾਲ ਨਹੀਂ ਜੋੜਿਆ ਹੈ, ਯਾਨੀ ਵਿਕਾਸ ‘ਤੇ ਜ਼ੋਰ ਦਿੱਤਾ ਹੋਇਆ ਹੈ ਪਰ ਇਸ ਦੇ ਅਨੁਕੂਲ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਪਾੜੇ ਮੌਜੂਦ ਹਨ।
ਮੈਰੀਸੇ ਜ਼ੀਡਲਰ