ਅਮਰੀਕਾ ਦੇ H-1B ਵੀਜਾ ਧਾਰਕਾਂ ਨੂੰ 16 ਜੁਲਾਈ ਤੋਂ ਮਿਲ ਸਕੇਗਾ ਕੈਨੇਡਾ ਦਾ ਵਰਕ ਪਰਮਿਟ
(ਸਤਪਾਲ ਸਿੰਘ ਜੌਹਲ)- ਕੈਨੇਡਾ ਵਿੱਚ ਕੰਪਿਊਟਰ ਐਂਡ ਇਨਫਰਮੇਸ਼ਨ ਟੈਕਨਾਲੋਜੀ ਦੇ ਮਾਹਿਰਾਂ ਦੀ ਘਾਟ ਪੂਰੀ ਕਰਨ ਲਈ ਸਰਕਾਰ ਵਲੋਂ ਵਿਦੇਸ਼ਾਂ ਤੋਂ ਕਾਮਿਆਂ ਨੂੰ ਆਕ੍ਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜਰ ਨੇ ਬੀਤੇ ਕੱਲ੍ਹ ਆਖਿਆ ਕਿ ਅਮਰੀਕਾ ਦੇ H-1B ਵੀਜਾ ਧਾਰਕਾਂ ਨੂੰ ਕੈਨੇਡਾ ਦਾ 3 ਸਾਲ ਤੱਕ ਦਾ ਵਰਕ ਪਰਮਿਟ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ। 16 ਜੁਲਾਈ ਤੋਂ ਟੈਕ ਟੇਲੈਂਟ ਸਟਰੈਟਜੀ ਤਹਿਤ ਨਵਾਂ ਓਪਨ ਵਰਕ ਪਰਮਿਟ ਅਪਲਾਈ ਕਰਨਾ ਸੰਭਵ ਹੋਵੇਗਾ। ਇਸੇ ਨੀਤੀ ਤਹਿਤ H-1B ਵੀਜਾ ਧਾਰਕ ਆਪਣੇ ਬੱਚਿਆਂ ਅਤੇ ਪਤੀ/ਪਤਨੀ ਨੂੰ ਕੈਨੇਡਾ ਨਾਲ ਲਿਜਾ ਸਕਣਗੇ।
ਹਾਲ ਦੀ ਘੜੀ ਇਹ ਨੀਤੀ ਆਰਜੀ ਤੌਰ `ਤੇ 1 ਸਾਲ ਵਾਸਤੇ ਹੈ ਅਤੇ ਵੱਧ ਤੋਂ ਵੱਧ 10000 ਵਰਕ ਪਰਮਿਟ ਦਿੱਤੇ ਜਾਣੇ ਹਨ। ਘੱਟ ਪੜ੍ਹ ਕੇ ਕੈਨੇਡਾ ਵੱਲ੍ਹ ਮੁਹਾਣ (ਕਾਹਲੀ) ਕਰਨ ਦੀ ਬਜਾਏ ਆਪਣੇ ਦੇਸ਼ਾਂ ਵਿੱਚ ਉੱਚ ਵਿਦਿਆ ਪ੍ਰਾਪਤ ਕਰਕੇ ਕਿਸੇ ਕਿੱਤੇ ਦੀ ਮੁਹਾਰਤ ਲੈਣ ਵਾਲੇ ਲੋਕ ਬੜੀ ਅਸਾਨੀ ਨਾਲ ਪੱਕੇ ਤੌਰ `ਤੇ ਕੈਨੇਡਾ ਪੁੱਜ ਰਹੇ ਹਨ ਅਤੇ ਉਨ੍ਹਾਂ ਵਾਸਤੇ ਸਥਾਪਿਤੀ ਦੇ ਮੌਕੇ ਵੀ ਬਹੁਤ ਵੱਧ ਹਨ। ਇਹ ਵੀ ਕਿ ਆਪਣੇ ਦੇਸ਼ਾ ਤੋਂ ਪੱਕੇ ਤੌਰ `ਤੇ ਜਾਣ ਵਾਲੇ ਲੋਕਾਂ ਦੀਆਂ ਕੈਨੇਡਾ ਵਿੱਚ ਅਣਕਿਆਸੀਆਂ ਘਟਨਾਵਾਂ ਵਿੱਚ ਮੌਤਾਂ ਹੋਣ ਅਤੇ ਲਾਸ਼ਾਂ ਵਾਪਿਸ ਵਤਨਾਂ ਵਿੱਚ ਭੇਜੇ ਜਾਣ ਦਾ ਸਿਲਸਿਲਾ ਵੀ ਨਹੀਂ ਹੈ ਜਿਵੇਂ ਕਿ ਸਟੱਡੀ ਪਰਮਿਟ ਜਾਂ ਹੋਰ ਆਰਜੀ ਤਰੀਕਿਆਂ ਨਾਲ ਜਾਣ ਵਾਲੇ ਲੋਕਾਂ ਨਾਲ ਆਮ ਵਾਪਰੀ ਜਾ ਰਿਹਾ ਹੈ।
ਮਾਹਿਰਾਂ ਨੂੰ ਮੌਕੇ ਦੇਣ ਤਹਿਤ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚੋਂ ਬੀਤੇ ਕੱਲ੍ਹ ਨਵਾਂ (2023 ਦਾ 15ਵਾਂ) ਡਰਾਅ ਕੱਢਿਆ ਗਿਆ ਜਿਸ ਨਾਲ 4300 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਡਰਾਅ ਵਿੱਚ 486 ਜਾਂ ਇਸ ਤੋਂ ਵੱਧ ਸਕੋਰ ਵਾਲੇ ਉਮੀਦਵਾਰਾਂ ਨੂੰ ਮੌਕਾ ਮਿਲਿਆ ਹੈ। ਸਿਹਤ ਦੀ ਦੇਖਭਾਲ਼ ਦੇ ਕਿੱਤਿਆਂ, ਸਾਇੰਸ, ਤਕਨੀਕ, ਲੱਕੜ ਦੇ ਕਿੱਤੇ, ਪਲੰਬਰ, ਡਰਾਈਵਰ, ਖੁਰਾਕ ਅਤੇ ਖੇਤੀਬਾੜੀ ਕੁਝ ਅਜਿਹੇ ਖੇਤਰ ਹਨ ਜਿਨ੍ਹਾਂ ਵਿੱਚ ਕੈਨੇਡਾ ਭਰ ਵਿੱਚ ਕਾਮਿਆਂ ਦੀ ਸਾਰਾ ਸਾਲ ਬਣੀ ਰਹਿੰਦੀ ਹੈ।
ਇਕ ਵੱਖਰੀ ਖਬਰ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਵਰਕ ਪਰਮਿਟ ਧਾਰਕਾਂ ਤੋਂ ਦੇਸ਼ ਵਿੱਚ ਪੜ੍ਹਾਈ ਕਰਨ ਦੀ ਸੀਮਾ ਸ਼ਰਤ ਹਟਾ ਲਈ ਹੈ। ਹੁਣ ਤੱਕ ਵਿਦੇਸ਼ੀ ਕਾਮਿਆਂ ਨੂੰ ਸਟੱਡੀ ਪਰਮਿਟ ਲਏ ਬਿਨਾ ਵੱਧ ਤੋਂ ਵੱਧ ਛੇ ਮਹੀਨੇ ਪੜ੍ਹਨ ਦੇ ਖੁਲ੍ਹ ਸੀ ਪਰ ਹੁਣ ਪੜ੍ਹਾਈ ਕਰਨ ਲਈ ਸਟੱਡੀ ਪਰਮਿਟ ਲੈਣਾ ਜਰੂਰੀ ਨਹੀਂ ਰਿਹਾ ਅਤੇ ਵਰਕ ਪਰਮਿਟ ਦੀ ਤਰੀਕ ਖਤਮ ਹੋਣ ਤੱਕ ਪੜ੍ਹਨਾ ਤੇ ਆਪਣੀ ਯੋਗਤਾ ਵਿੱਚ ਵਾਧਾ ਕਰਨਾ ਸੰਭਵ ਹੋ ਗਿਆ ਹੈ। ਆਪਣੀ ਯੋਗਤਾ ਵਿੱਚ ਵਾਧਾ ਕਰਨ ਨਾਲ਼ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੇ ਰਾਹ ਖੁਲ੍ਹਦੇ ਹਨ।