ਅਲਬਰਟਾ ਦੇ CPP ਚੋਂ ਵੱਖ ਹੋਣ ਬਾਰੇ ਸੂਬਾਈ ਵਿੱਤ ਮੰਤਰੀਆਂ ਨਾਲ ਚਰਚਾ ਕਰਨਗੇ ਫ਼੍ਰੀਲੈਂਡ
ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਉਹ ਅਲਬਰਟਾ ਵੱਲੋਂ ਕੈਨੇਡਾ ਪੈਨਸ਼ਨ ਪਲਾਨ (ਸੀਪੀਪੀ) ਵਿੱਚੋਂ ਵੱਖ ਹੋਣ ਦੇ ਪ੍ਰਸਤਾਵ ‘ਤੇ ਚਰਚਾ ਕਰਨ ਲਈ ਆਪਣੇ ਸੂਬਾਈ ਅਤੇ ਖੇਤਰੀ ਹਮਰੁਤਬਾ ਨਾਲ ਮੁਲਾਕਾਤ ਕਰਨਗੇ। ਬੁੱਧਵਾਰ ਨੂੰ ਓਨਟੇਰਿਓ ਦੇ ਵਿੱਤ ਮੰਤਰੀ ਪੀਟਰ ਬੈਥਲਨਫ਼ੈਲਵੀ ਨੇ ਅਲਬਰਟਾ ਦੀ ਇਸ ਯੋਜਨਾ ਨਾਲ ਨਜਿੱਠਣ ਲਈ ਫ਼੍ਰੀਲੈਂਡ ਨੂੰ ਵਿੱਤ ਮੰਤਰੀਆਂ ਦੀ ਜ਼ਰੂਰੀ ਮੀਟਿੰਗ ਸੱਦਣ ਦੀ ਬੇਨਤੀ ਕਰਨ ਲਈ ਇੱਕ ਪੱਤਰ ਲਿਖਿਆ ਸੀ।
ਫ਼੍ਰੀਲੈਂਡ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨੋਵਾ ਸਕੋਸ਼ੀਆ ਦੇ ਵਿੱਤ ਮੰਤਰੀ ਨਾਲ ਗੱਲ ਹੋਈ ਹੈ – ਜਿਨ੍ਹਾਂ ਦਾ ਸੂਬਾ ਇਸ ਸਮੇਂ ਕੌਂਸਲ ਔਫ਼ ਫ਼ੈਡਰੇਸ਼ਨ ਦਾ ਮੁਖੀ ਹੈ – ਅਤੇ ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਇਹ ਬੈਠਕ ਕੀਤੀ ਜਾਵੇਗੀ। ਅਸੀਂ ਕੈਨੇਡਾ ਪੈਨਸ਼ਨ ਪਲਾਨ ਬਾਰੇ ਗੱਲ ਕਰਨ ਲਈ ਸੂਬਾਈ, ਖੇਤਰੀ ਅਤੇ ਫ਼ੈਡਰਲ ਵਿੱਤ ਮੰਤਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਵਾਂਗੇ।
ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਮੀਟਿੰਗ ਕਦੋਂ ਬੁਲਾਈ ਜਾਵੇਗੀ।