ਏਅਰ ਕੈਨੇਡਾ ਦੀ ਫ਼ਲਾਈਟ ‘ਚ ਉਲਟੀ ਦਾ ਮਾਮਲਾ ਹੋਰ ਭਖਿਆ, ਪਬਲਿਕ ਹੈਲਥ ਏਜੰਸੀ ਵੱਲੋਂ ਜਾਂਚ ਸ਼ੁਰੂ
ਏਅਰ ਕੈਨੇਡਾ ਦੀ ਫ਼ਲਾਈਟ ਵਿਚ ਉਲਟੀ ਨਾਲ ਲਿਬੜੀ ਸੀਟ ‘ਤੇ ਬੈਠਣ ਤੋਂ ਮਨਾ ਕਰਨ ‘ਤੇ ਯਾਤਰੀਆਂ ਨੂੰ ਜਹਾਜ਼ ਚੋਂ ਬਾਹਰ ਕਰਨ ਦਾ ਮਾਮਲਾ ਹੁਣ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਤੱਕ ਪਹੁੰਚ ਗਿਆ ਹੈ। 26 ਅਗਸਤ ਨੂੰ ਲਾਸ ਵੇਗਸ ਤੋਂ ਮੌਂਟਰੀਅਲ ਆ ਰਹੀ ਇੱਕ ਫ਼ਲਾਈਟ ਬਾਰੇ ਆਪਣਾ ਮਾੜਾ ਅਨੁਭਵ ਸੂਜ਼ਨ ਬੈਨਸਨ ਨਾਂ ਦੀ ਇੱਕ ਔਰਤ ਨੇ ਆਪਣੇ ਫ਼ੇਸਬੁਕ ‘ਤੇ ਸਾਂਝਾ ਕੀਤਾ ਸੀ।
ਪੋਸਟ ਵਿਚ ਦੱਸਿਆ ਗਿਆ ਸੀ ਕਿ ਬੋਰਡਿੰਗ ਵੇਲੇ ਜਦੋਂ ਦੋ ਔਰਤਾਂ ਨੇ ਉਲਟੀ ਨਾਲ ਗੰਦੀਆਂ ਅਤੇ ਬਦਬੂਦਾਰ ਸੀਟਾਂ ‘ਤੇ ਬੈਠਣ ਤੋਂ ਇਨਕਾਰ ਕੀਤਾ, ਤਾਂ ਉਨ੍ਹਾਂ ਨੂੰ ਸਿਕਿਓਰਟੀ ਬੁਲਾ ਕੇ ਜਹਾਜ਼ ਚੋਂ ਹੇਠਾਂ ਉਤਾਰ ਦਿੱਤਾ ਗਿਆ। ਏਅਰ ਕੈਨੇਡਾ ਨੇ ਕਿਹਾ ਸੀ ਕਿ ਇਸ ਘਟਨਾ ਦੌਰਾਨ ਏਅਰਲਾਈਨ ਦੇ ਸੰਚਾਲਨ ਸਬੰਧੀ ਤੌਰ-ਤਰੀਕਿਆਂ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਗਿਆ ਅਤੇ ਯਾਤਰੀਆਂ ਨੂੰ ਸਪੱਸ਼ਟ ਤੌਰ ‘ਤੇ ਮਿਆਰੀ ਦੇਖਭਾਲ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸਨ।
ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਨੇ ਕਿਹਾ ਕਿ ਉਹ ਏਅਰ ਕੈਨੇਡਾ ਨਾਲ ਸੰਪਰਕ ਵਿਚ ਹਨ। ਹੈਲਥ ਏਜੰਸੀ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਉਸਦੀ ਜ਼ਿੰਮੇਵਾਰੀਆਂ ਦਾ ਹਿੱਸਾ ਹੈ ਕਿ ਜਹਾਜ਼ਾਂ ਜਾਂ ਰੇਲ ਗੱਡੀਆਂ ਵਿਚ ਸਰੀਰ ਦੇ ਤਰਲ ਪਦਾਰਥ ਦੇ ਸੰਪਰਕ ਵਿਚ ਆਉਣ ਨਾਲ ਦੇਸ਼ ਵਿਚ ਕਿਸੇ ਬਿਮਾਰੀ ਦੇ ਫ਼ੈਲਣ ਦਾ ਖ਼ਤਰਾ ਨਾ ਪੈਦਾ ਹੋਵੇ। ਹੈਲਥ ਏਜੰਸੀ ਨੇ ਕਿਹਾ, ਖ਼ੂਨ, ਉਲਟੀ ਅਤੇ ਦਸਤ ਵਿੱਚ ਸੂਖਮ-ਜੀਵਾਣੂ ਹੋ ਸਕਦੇ ਹਨ ਜੋ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਇਹ ਤਰਲ ਪਦਾਰਥ ਅਤੇ ਇਹਨਾਂ ਦੇ ਸੰਪਰਕ ਵਿੱਚ ਆਉਣ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਦੂਸ਼ਿਤ ਮੰਨਿਆ ਜਾਣਾ ਚਾਹੀਦਾ ਹੈ।
ਦ ਕੈਨੇਡੀਅਨ ਪ੍ਰੈੱਸ