ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਦਾ ਮਸਲਾ ਮੁੜ ਚਰਚਾ ‘ਚ
ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਦਾ ਮਸਲਾ ਇਕ ਵਾਰ ਫ਼ਿਰ ਤੋਂ ਚਰਚਾ ਵਿੱਚ ਆ ਗਿਆ ਹੈ ਕਿਉਂਕਿ ਕੈਨੇਡੀਅਨ ਸਰਕਾਰ ਵੱਲੋਂ ਭਾਰਤ ਨੂੰ ਜਾਣ ਵਾਲੀਆਂ ਉਡਾਣਾਂ ਬਾਬਤ ਇਕ ਅਹਿਮ ਫ਼ੈਸਲਾ ਲੈਂਦਿਆਂ ਏਅਰ ਟਰਾਂਸਪੋਰਟ ਐਗਰੀਮੈਂਟ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ।ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਉਮਰ ਅਲਗ਼ਬਰਾ ਨੇ ਘੋਸ਼ਣਾ ਕੀਤੀ ਕਿ ਹੁਣ ਦੋਵੇਂ ਦੇਸ਼ਾਂ ਦਰਮਿਆਨ ਅਣਗਿਣਤ ਹਵਾਈ ਉਡਾਣਾਂ ਆ ਜਾ ਸਕਣਗੀਆਂ । ਇਸਤੋਂ ਪਹਿਲਾਂ ਹਫ਼ਤੇ ਵਿੱਚ ਸਿਰਫ਼ 35 ਉਡਾਣਾਂ ਜਾ ਸਕਦੀਆਂ ਸਨ ।
ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਨੇ ਕੁਝ ਮਹੀਨੇ ਪਹਿਲਾਂ ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਦੋਵੇਂ ਦੇਸ਼ਾਂ ਵਿੱਚ ਹੋਏ ਏਅਰ ਟਰਾਂਸਪੋਰਟ ਐਗਰੀਮੈਂਟ ਮੁਤਾਬਿਕ ਕੈਨੇਡੀਅਨ ਏਅਰਲਾਈਨ ਸਿੱਧੀ ਅੰਮ੍ਰਿਤਸਰ ਨਹੀਂ ਜਾ ਸਕਦੀ ਅਤੇ ਅੰਮ੍ਰਿਤਸਰ ਸਿੱਧੀ ਉਡਾਣ ਲਈ ਉਕਤ ਸਮਝੌਤੇ ਵਿੱਚ ਤਬਦੀਲੀ ਦੀ ਲੋੜ ਹੈ।
ਭਾਈਚਾਰੇ ਦੀ ਇਸ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਹਾਲ ਵਿੱਚ ਹੀ ਇਕ ਕੈਨੇਡੀਅਨ ਕੰਪਨੀ ਨੇ ਜਲਦ ਹੀ ਇਹ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ।ਰੌਇਲ ਕੈਨੇਡੀਅਨ ਏਅਰਲਾਈਨ ਦੇ ਪ੍ਰੈਜ਼ੀਡੈਂਟ ਵਸੀਮ ਜਾਵੇਦ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਕਿਹਾ ਸੀ ਅਸੀਂ ਇਕ ਚਾਰਟਰ ਉਡਾਣ ਸ਼ੁਰੂ ਕਰਨ ਜਾ ਰਹੇ ਹਾਂ , ਜਿਸ ਲਈ ਅੰਮ੍ਰਿਤਸਰ , ਲਾਹੌਰ , ਚੰਡੀਗੜ੍ਹ ਅਤੇ ਹੋਰ ਏਅਰਪੋਰਟ ਅਥਾਰਿਟੀਜ਼ ਨਾਲ ਗੱਲਬਾਤ ਚੱਲ ਰਹੀ ਹੈ ।