ਕੈਨੇਡਾ ਦੀ ਮਹਿੰਗਾਈ ਦਰ ਵਧ ਕੇ 3.4% ਹੋਈ
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ ਦਸੰਬਰ ਮਹੀਨੇ ਕੈਨੇਡਾ ਵਿੱਚ ਮਹਿੰਗਾਈ ਦਰ ਵੱਧ ਕੇ 3.4 % ਦਰਜ ਕੀਤੀ ਗਈ। ਅਕਤੂਬਰ ਅਤੇ ਨਵੰਬਰ ਦੌਰਾਨ ਸਾਲਾਨਾ ਮਹਿੰਗਾਈ ਦਰ 3.1% ਤੇ ਬਰਕਰਾਰ ਰਹੀ ਸੀ।
ਸਟੈਟਕੈਨ ਦਾ ਕਹਿਣਾ ਹੈ ਕਿ ਗੈਸ ਦੀਆਂ ਕੀਮਤਾਂ, ਹਵਾਈ ਯਾਤਰਾ, ਪੈਸੰਜਰ ਵਾਹਨਾਂ ਅਤੇ ਕਿਰਾਇਆਂ ਕਰਕੇ ਮਹਿੰਗਾਈ ਦਰ ਵਧੇਰੇ ਦਰਜ ਹੋਈ ਹੈ। ਭੋਜਨ ਦੀਆਂ ਕੀਮਤਾਂ ਸਾਲਾਨਾ ਤੁਲਨਾ ਵਿੱਚ 4.7 ਪ੍ਰਤੀਸ਼ਤ ਵਧੇਰੇ ਦਰਜ ਹੋਈਆਂ। ਨਵੰਬਰ ਵਿੱਚ ਵੀ ਖਾਧ ਮਹਿੰਗਾਈ ਦੀ ਇਹੋ ਦਰ ਸੀ।
ਕੈਨੇਡਾ ਵਿਚ ਤਾਜ਼ਾ ਮਹਿੰਗਾਈ ਦਰ ਬੈਂਕ ਔਫ਼ ਕੈਨੇਡਾ ਦੇ 2% ਮਹਿੰਗਾਈ ਦਰ ਦੇ ਟੀਚੇ ਤੋਂ ਅਜੇ ਜ਼ਿਆਦਾ ਹੈ। ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਬੈਂਕ ਔਫ਼ ਕੈਨੇਡਾ 2022 ਦੇ ਸ਼ੁਰੂ ਤੋਂ ਹੁਣ ਤੱਕ 10 ਵਾਰੀ ਵਿਆਜ ਦਰਾਂ ਵਧਾ ਚੁੱਕਾ ਹੈ ਅਤੇ ਆਰਥਿਕਤਾ ਵਿਚ ਧੀਮੇਪਣ ਦੇ ਮੱਦੇਨਜ਼ਰ ਬੈਂਕ ਨੇ ਪਿਛਲੇ ਕੁਝ ਮਹੀਨਿਆਂ ਤੋਂ ਵਿਆਜ ਦਰਾਂ ਨੂੰ 5% ‘ਤੇ ਬਰਕਰਾਰ ਰੱਖਿਆ ਹੈ।